ਖੰਨਾ, 7 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਵਣ ਵਿਭਾਗ ਸਮਰਾਲਾ ਤੋਂ ਸੂਚਨਾ ਐਕਟ ਤਹਿਤ ਜਾਣਕਾਰੀ ਮੰਗੀ ਗਈ ਸੀ ਪਰੰਤੂ 6 ਮਹੀਨੇ ਬੀਤਣ ਤੇ ਵੀ ਵਣ ਰੇਂਜ ਸਮਰਾਲਾ ਦੇ ਅਧਿਕਾਰੀ ਤੇ ਕਰਮਚਾਰੀ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ | ਪਿੰਡ ਰੋਹਣੋ ਖ਼ੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੋਸ਼ ਲਾਇਆ ਕਿ ਵਣ ਵਿਭਾਗ ਲੁਧਿਆਣਾ ਪਾਸੋਂ 24 ਅਕਤੂਬਰ 2025 ਨੂੰ ਲਿਖਤੀ ਰੂਪ ਵਿਚ ਵਣ ਰੇਂਜ ਸਮਰਾਲਾ ਦੇ ਅਧੀਨ ਆਉਂਦੀਆਂ ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਬੰਨ, ਡਰੇਨਾਂ, ਮਾਈਨਰ ਨਾਲ ਲੱਗਦੀ ਸਰਕਾਰੀ ਜ਼ਮੀਨ ਵਿੱਚ ਜੋ ਦਰਖ਼ਤ ਲਗਾਏ ਹੋਏ ਹਨ, ਸਬੰਧੀ ਜਨਵਰੀ 2020 ਤੋਂ ਅਕਤੂਬਰ 2025 ਤੱਕ ਅੱਗ ਨਾਲ ਅਤੇ ਚਰਵਾਹਿਆਂ ਵੱਲੋਂ ਕੀਤੇ ਗਏ ਨੁਕਸਾਨ ਬਾਰੇ ਵਿਭਾਗ ਦੀ ਕਾਰਵਾਈ ਅਤੇ ਕੀਤੇ ਗਏ ਜੁਰਮਾਨਿਆਂ ਦੀ ਵਸੂਲੀ ਰਕਮ ਦੀ ਜਾਣਕਾਰੀ ਸਮੇਤ ਰਸ਼ੀਦ ਨੰਬਰ/ਮਿਤੀ ਸਮੇਤ ਮੰਗੀ ਗਈ ਸੀ | ਬੈਨੀਪਾਲ ਨੇ ਕਿਹਾ ਕਿ ਇਹ ਵੀ ਸੂਚਨਾ ਮੰਗੀ ਗਈ ਸੀ ਕਿ ਵਣ ਰੇਂਜ ਸਮਰਾਲਾ ਦੇ ਅਧੀਨ ਨੈਸ਼ਨਲ ਹਾਈਵੇ ਨੰ. 5 ਦੇ ਦੋਨੋਂ ਪਾਸੇ ਬਣੇ ਹੋਟਲਾਂ, ਢਾਬਿਆਂ, ਪੈਟਰੋਲ ਪੰਪ, ਮੈਰਿਜ ਪੈਲਸਾਂ, ਮੋਲ, ਦੁਕਾਨਾਂ ਤੇ ਫੈਕਟਰੀਆਂ ਨੂੰ ਪਾਰਕਾਂ ਵਗ਼ੈਰਾ ਬਣਾਉਣ ਦੀ ਜੋ ਪ੍ਰਵਾਨਗੀ ਦਿੱਤੀ ਗਈ ਹੈ, ਉਸ ਬਾਬਤ ਵਸੂਲੀ ਫ਼ੀਸ ਦੀਆਂ ਰਸੀਦਾਂ ਸਮੇਤ ਕੁੱਲ ਰਕਮ ਦੀ ਜਾਣਕਾਰੀ ਮੰਗੀ ਸੀ | ਬੈਨੀਪਾਲ ਨੇ ਦੱਸਿਆ ਕਿ ਵਣ ਰੇਂਜ ਸਮਰਾਲਾ ਵੱਲੋਂ ਉਨ੍ਹਾਂ ਨੂੰ ਲਿਖਤੀ ਪੱਤਰ ਨੰਬਰ 453-5 ਮਿਤੀ 10.11.2025 ਜਾਰੀ ਕਰਕੇ ਮੰਗੀ ਗਈ ਜਾਣਕਾਰੀ ਦੀ ਬਣਦੀ ਬਕਾਇਆ ਰਾਸ਼ੀ 250 ਰੁਪਏ ਦਫ਼ਤਰ ਵਿਖੇ ਜਮਾਂ ਕਰਵਾਉਣ ਲਈ ਕਿਹਾ ਸੀ ਤਾਂ ਜੋ ਮੰਗੀ ਗਈ ਜਾਣਕਾਰੀ ਨੂੰ ਜਲਦ ਮੁਹੱਈਆ ਕਰਵਾਈ ਜਾ ਸਕੇ | ਬੈਨੀਪਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਣ ਰੇਂਜ ਸਮਰਾਲਾ ਵਿਖੇ ਖ਼ੁਦ ਹਾਜ਼ਰ ਹੋ ਕੇ ਦਫ਼ਤਰ 'ਚ ਤਾਇਨਾਤ ਮਹਿਲਾ ਕਰਮਚਾਰੀ ਪਾਸ ਰਕਮ 250 ਰੁਪਏ ਜਮਾਂ ਕਰਵਾਈ ਗਈ | ਪ੍ਰੰਤੂ ਫੇਰ ਵੀ ਵਣ ਰੇਂਜ ਸਮਰਾਲਾ ਵੱਲੋਂ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਗਈ | ਬੈਨੀਪਾਲ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਵਣ ਵਿਭਾਗ ਲੁਧਿਆਣਾ ਤੇ ਵਣ ਰੇਂਜ ਸਮਰਾਲਾ ਵੱਲ ਤੁਰੰਤ ਗ਼ੌਰ ਕਰਦੇ ਹੋਏ ਮੰਗੀ ਗਈ ਸੂਚਨਾ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ ਅਤੇ ਵਣ ਰੇਂਜ ਸਮਰਾਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤੇ ਗਏ ਕੰਮਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਇਸ ਮੌਕੇ ਪਿਆਰਾ ਸਿੰਘ ਕੌੜੀ, ਐਡਵੋਕੇਟ ਰਵਿੰਦਰ ਕੁਮਾਰ ਰਿਖੀ, ਐਡਵੋਕੇਟ ਵਿਪਨ ਕੁਮਾਰ ਰਿਖੀ, ਨੰਬਰਦਾਰ ਦਵਿੰਦਰ ਸਿੰਘ, ਗੁਰਦੀਪ ਸਿੰਘ ਲਿਬਲਾਨੀ, ਭੁਪਿੰਦਰ ਸਿੰਘ, ਚੌਂਕੀਦਾਰ ਜਤਿੰਦਰ ਸਿੰਘ, ਹਰਮੇਸ਼ ਸਿੰਘ ਫ਼ੌਜੀ, ਜਾਗਰ ਸਿੰਘ ਫ਼ੌਜੀ ਤੇ ਸਵਰਨ ਸਿੰਘ ਰੋਹਣੋ ਆਦਿ ਹਾਜ਼ਰ ਸਨ |