ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ
ਅਜੀਤ ਡੈਸਕ
09-04-2026
ਡੇਹਲੋਂ, 8 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਵਿਗੜੇ ਮੌਸਮ ਕਾਰਨ ਪੱਕੀ ਖੜੀ ਕਣਕ, ਸਰੋਂ੍ਹ ਅਤੇ ਆਲੂਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਬੀਤੀ ਰਾਤ ਡੇਹਲੋਂ, ਕਿਲ੍ਹਾ ਰਾਏਪੁਰ ਇਲਾਕੇ ਦੇ ਪਿੰਡਾਂ ਵਿਚ ਪਏ ਮੀਂਹ ਅਤੇ ਕਿਤੇ-ਕਿਤੇ ਹੋਈ ਗੜੇਮਾਰੀ ਕਾਰਨ ਖੜੀ ਕਣਕ, ਵੱਢੀ ਹੋਈ ਸਰੋਂ੍ਹ, ਸਬਜ਼ੀਆਂ ਅਤੇ ਆਲੂਆਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ | ਜਿਸ ਕਾਰਨ ਪਹਿਲਾਂ ਹੀ ਖੇਤੀ ਧੰਦੇ ਵਿਚ ਘਾਟਾ ਸਹਿ ਰਹੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ | ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਦੀ ਅਗਵਾਈ 'ਚ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੂਬਾਈ ਆਗੂ ਸੁਰਜੀਤ ਸਿੰਘ ਸੀਲੋਂ ਨੇ ਕਿਹਾ ਕਿ ਬੀਤੀ ਰਾਤ ਪਏ ਮੀਂਹ ਅਤੇ ਕਿਤੇ-ਕਿਤੇ ਹੋਈ
ਗੜੇਮਾਰੀ ਕਾਰਨ ਕਿਸਾਨਾਂ ਦੀ ਪੱਕੀ ਕਣਕ, ਸਰੋਂ੍ਹ, ਸਬਜ਼ੀਆਂ ਅਤੇ ਆਲੂਆਂ ਨੂੰ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਵੇ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਉੱਪਰ ਘੱਟੋ-ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਬਾਕੀ ਫ਼ਸਲਾਂ ਦੇ ਹੋਏ ਨੁਕਸਾਨ ਦੀ ਸੌ ਫ਼ੀਸਦੀ ਨੁਕਸਾਨ ਦੀ ਭਰ ਪਾਈ ਕੀਤੀ ਜਾਵੇ | ਇਸ ਮੌਕੇ 'ਤੇ ਪੱਲੇਦਾਰ ਯੂਨੀਅਨ ਦੇ ਆਗੂ ਦਾਰਾ ਸਿੰਘ ਘੁੰਗਰਾਣਾ ਨੇ ਕਿਹਾ ਕਿ ਖ਼ਰਾਬ ਹੋਏ ਮੌਸਮ ਨੇ ਮੰਡੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਮੀਂਹ ਵਿਚ ਭਿੱਜੀ ਕਣਕ ਆਉਣ ਨਾਲ ਮਜ਼ਦੂਰਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ, ਜਿਸ ਨਾਲ ਉਨ੍ਹਾਂ ਦਾ ਸਮਾਂ ਤੇ ਤਾਕਤ ਵਿਅਰਥ ਜਾਵੇਗੀ | ਇਸ ਸਮੇਂ ਮਲਕੀਤ ਸਿੰਘ ਗਰੇਵਾਲ, ਮੋਹਣਜੀਤ ਸਿੰਘ ਗਰੇਵਾਲ, ਪੰਚ ਸਰਬਪ੍ਰੀਤ ਸਿੰਘ ਕਿਲ੍ਹਾ ਰਾਏਪੁਰ, ਰਜਿੰਦਰ ਸਿੰਘ, ਸੁਖਦੇਵ ਸਿੰਘ, ਧਰਮ ਸਿੰਘ ਮਾਜਰੀ ਹਾਜ਼ਰ ਸਨ |