ਪਾਇਲ, 15 ਅਪ੍ਰੈਲ (ਰਾਜਿੰਦਰ ਸਿੰਘ)-ਅੰਬੇਡਕਰ ਜਯੰਤੀ ਦੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਮਾਗਮ ਪਿੰਡ ਸਿਆੜ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ | ਇਸ ਮੌਕੇ ਪਾਰਟੀ ਦੇ ਕੌਮੀ ਉਪ-ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਹਾਜ਼ਰੀ ਭਰਦਿਆਂ ਇੰਜੀ. ਬੋਪਾਰਾਏ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਆਪਣੇ ਜੀਵਨ ਦੌਰਾਨ ਸਮਾਜ ਵਿਚ ਬਰਾਬਰੀ, ਨਿਆਂ ਅਤੇ ਭਾਈਚਾਰੇ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਦੇ ਹੋਏ ਪਿਛੜੇ ਅਤੇ ਵੰਚਿਤ ਵਰਗਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਯੋਗਦਾਨ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ, ਸਗੋਂ ਆਧੁਨਿਕ ਭਾਰਤ ਦੀ ਰੂਹ ਹੈ, ਜਿਸ ਦੇ ਬਿਨਾਂ ਲੋਕਤੰਤਰ ਦੀ ਕਲਪਨਾ ਅਧੂਰੀ ਹੈ | ਉਨ੍ਹਾਂ ਕਿਹਾ ਕਿ ਸਮਾਜ ਵਿਚ ਵਧ ਰਹੀਆਂ ਅਸਮਾਨਤਾਵਾਂ, ਭੇਦਭਾਵ ਅਤੇ ਵੰਡ ਦੇ ਮਾਹੌਲ ਨੂੰ ਦੇਖਦਿਆਂ ਡਾ. ਸਾਹਿਬ ਦੀ ਸੋਚ 'ਤੇ ਪਹਿਰਾ ਦੇਣਾ ਅੱਜ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਬਰਾਬਰ ਮੌਕੇ ਅਤੇ ਸਨਮਾਨ ਦੇਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇੰਜੀ. ਬੋਪਾਰਾਏ ਨੇ ਕਿਹਾ ਕਿ ਬਾਬਾ ਸਾਹਿਬ ਵਲੋਂ ਬਣਾਇਆ ਗਿਆ ਸੰਵਿਧਾਨ ਦੇਸ਼ ਦੀ ਮਜ਼ਬੂਤ ਨੀਂਹ ਹੈ, ਜਿਸ 'ਤੇ ਭਾਰਤ ਦੀ ਲੋਕਤੰਤਰਿਕ ਪ੍ਰਣਾਲੀ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਸੰਵਿਧਾਨਿਕ ਕਦਰਾਂ-ਕੀਮਤਾਂ ਦਾ ਸਨਮਾਨ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਇਹੀ ਮੁੱਲ ਸਾਨੂੰ ਇੱਕ ਮਜ਼ਬੂਤ, ਨਿਰਪੱਖ ਅਤੇ ਸਮਰੱਥ ਰਾਸ਼ਟਰ ਵੱਲ ਲੈ ਕੇ ਜਾਂਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਦੌਰ ਵਿਚ ਫ਼ਿਰਕੂ ਸਿਆਸਤ ਅਤੇ ਵੰਡ ਪਾਉਣ ਵਾਲੀਆਂ ਤਾਕਤਾਂ ਸਮਾਜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਸਿਰਫ਼ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਕੇ ਹੀ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਅਸਲ ਵਿਚ ਏਕਤਾ, ਭਾਈਚਾਰੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਪੇ੍ਰਰਨਾ ਦਿੰਦੀ ਹੈ | ਇਸ ਸਮਾਗਮ ਦਾ ਆਯੋਜਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਚੁੱਕੇ ਆਗੂ ਬਲਵਿੰਦਰ ਸਿੰਘ (ਸਾਬਕਾ ਸਰਪੰਚ), ਪ੍ਰਧਾਨ ਜਸਵੀਰ ਸਿੰਘ, ਹਰਜਿੰਦਰ ਸਿੰਘ (ਸੈਕਟਰੀ), ਬਲਵਿੰਦਰ ਸਿੰਘ ਪੱਪੂ, ਜੁਗਰਾਜ ਸਿੰਘ, ਜਥੇਦਾਰ ਬੇਅੰਤ ਸਿੰਘ ਪੰਧੇਰ ਖੇੜੀ ਅਤੇ ਮਨਪ੍ਰੀਤ ਸਿੰਘ ਬਿੱਲਾ ਘੁਡਾਣੀ ਸਮੇਤ ਕਈ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ | ਅੰਤ ਵਿਚ ਸਮਾਗਮ ਦੌਰਾਨ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦੱਸੇ ਰਸਤੇ 'ਤੇ ਚੱਲਣ ਦਾ ਸੰਕਲਪ ਵੀ ਲਿਆ ਗਿਆ |