ਸਮਰਾਲਾ, 15 ਅਪ੍ਰੈਲ (ਕੁਲਵਿੰਦਰ ਸਿੰਘ)-ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਸਮਰਾਲਾ ਵਲੋਂ ਨਵੇਂ ਬੱਸ ਅੱਡੇ ਨਜ਼ਦੀਕ ਸੁਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਰਿਟਾ. ਐੱਸ. ਡੀ. ਓ. ਦੀ ਪ੍ਰਧਾਨਗੀ ਹੇਠ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਬਤੌਰ ਮੁੱਖ ਮਹਿਮਾਨ ਜਗੀਰਾ ਰਾਮ ਨੇ ਸ਼ਿਰਕਤ ਕੀਤੀ | ਇਸ ਮੌਕੇ ਰਘਵੀਰ ਸਿੰਘ ਨੇ ਆਏ ਮਹਿਮਾਨਾਂ ਨੂੰ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨਾਂ ਦੇ ਮੁੱਢਲੇ ਜੀਵਨ ਅਤੇ ਪ੍ਰਾਪਤ ਕੀਤੀ ਸਿੱਖਿਆ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ | ਉਨਾਂ ਕਿਹਾ ਕਿ ਪ੍ਰੰਤੂ ਅੱਜ ਵੀ ਸਮਾਜ ਵਿਚ ਪਿਛੜੇ ਵਰਗ ਦੇ ਬੱਚਿਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ | ਭਾਰਤ ਸਰਕਾਰ ਵਲੋਂ ਲਾਜ਼ਮੀ ਸਿੱਖਿਆ ਐਕਟ ਤਹਿਤ ਪ੍ਰਾਈਵੇਟ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ 25 ਪ੍ਰਤੀਸ਼ਤ ਗਰੀਬ ਬੱਚਿਆਂ ਨੂੰ ਬਣਦੇ ਕੋਟੇ ਅਨੁਸਾਰ ਮੁਫ਼ਤ ਵਿੱਦਿਆ ਦਿੱਤੀ ਜਾਵੇ | ਪ੍ਰੰਤੂ ਅਜੇ ਵੀ ਪ੍ਰਾਈਵੇਟ ਸਕੂਲਾਂ ਨੇ ਹੁਕਮ ਨਹੀਂ ਮੰਨੇ, ਉਨਾਂ ਪ੍ਰਾਈਵੇਟ ਸਕੂਲਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਐਕਟ ਨੂੰ ਲਾਗੂ ਕਰਨ ਤਾਂ ਜੋ ਗਰੀਬ ਬੱਚੇ ਉੱਚ ਸਿੱਖਿਆ ਪ੍ਰਾਪਤ ਕਰ ਸਕਣ | ਇਸ ਸਬੰਧੀ ਸਾਡੀ ਸੁਸਾਇਟੀ ਦੇ ਅਹੁਦੇਦਾਰ ਸਮਰਾਲਾ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਦਾ ਦੌਰਾ ਕਰਨਗੇ ਅਤੇ ਇਸ ਐਕਟ ਅਧੀਨ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਮਿਲਣਗੇ | ਜਿਹੜੇ ਪ੍ਰਾਈਵੇਟ ਸਕੂਲ ਇਸ ਐਕਟ ਦੀ ਪਾਲਣਾ ਨਹੀਂ ਕਰਨਗੇ, ਉਸ ਸਬੰਧੀ ਉੱਚ ਸਿੱਖਿਆ ਅਧਿਕਾਰੀਆਂ ਨੂੰ ਮਿਲ ਕੇ ਮਾਮਲਾ ਉਠਾਇਆ ਜਾਵੇਗਾ ਅਤੇ ਇਸ ਐਕਟ ਦੇ ਆਧਾਰ 'ਤੇ ਕਾਨੂੰਨੀ ਦਾਇਰੇ ਵਿਚ ਰਹਿ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਸੁਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ ਨੇ ਕਿਹਾ ਕਿ ਇਸ ਸੈਸ਼ਨ ਵਿਚ ਜੋ ਸਮਰਾਲਾ ਬਲਾਕ ਵਿਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨਗੇ, ਉਨਾਂ ਨੂੰ ਸੁਸਾਇਟੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸੁਸਾਇਟੀ ਸਮਰਾਲਾ ਇਲਾਕੇ ਦੇ ਪਿੰਡਾਂ ਵਿਚ ਕੈਂਪ ਲਗਾਏਗੀ ਜਿੱਥੇ ਪਿਛੜੇ ਵਰਗ ਦੇ ਬੱਚਿਆਂ ਨੂੰ ਉਨਾਂ ਦੇ ਕੈਰੀਅਰ ਸਬੰਧੀ ਮੁਫ਼ਤ ਗਾਈਡੈਂਸ ਦਿੱਤੀ ਜਾਵੇਗੀ | ਇਸ ਮੌਕੇ ਜਗੀਰਾ ਰਾਮ, ਮੈਨੇਜਰ ਕਰਮ ਚੰਦ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਹਮੇਸ਼ਾ ਹੀ ਬਾਬਾ ਸਾਹਿਬ ਦੇ ਪਦ-ਚਿੰਨਾਂ 'ਤੇ ਚੱਲਦੀ ਹੋਈ ਸਮਾਜ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ ਅਤੇ ਗਰੀਬ ਤੇ ਲੋੜਵੰਦ ਬੱਚਿਆਂ ਤੋਂ ਇਲਾਵਾ ਮਜ਼ਦੂਰਾਂ ਦੀ ਭਲਾਈ ਸਬੰਧੀ ਸਮੇਂ-ਸਮੇਂ 'ਤੇ ਕਾਰਜ ਕਰਦੀ ਰਹਿੰਦੀ ਹੈ | ਇਸ ਸਮਾਗਮ ਵਿਚ ਸਤਵਿੰਦਰ ਸਿੰਘ ਕੈਸ਼ੀਅਰ, ਗੁਰਪ੍ਰੀਤ ਸਿੰਘ ਗੋਪਨ, ਕੁਲਦੀਪ ਸਿੰਘ ਮੈਨੇਜਰ, ਕੇਵਲ ਸਿੰਘ, ਸਿਕੰਦਰ ਸਿੰਘ ਪ੍ਰਧਾਨ, ਸ਼ਮਿੰਦਰ ਸਿੰਘ ਉੱਪਲ ਪੈੱ੍ਰਸ ਸਕੱਤਰ, ਸੂਬੇਦਾਰ ਕੇਸਰ ਸਿੰਘ ਸਲਾਹਕਾਰ, ਸੂਬੇਦਾਰ ਬਿਕਰਮਜੀਤ ਸਿੰਘ, ਜਗਮੋਹਣ ਸਿੰਘ ਲੱਧੜ, ਸੋਹਣ ਸਿੰਘ ਲੱਧੜ, ਪ੍ਰੀਤ ਸਿੰਘ ਤੂਰ, ਮਾ. ਹਰਵਿੰਦਰ ਸਿੰਘ, ਮਾ. ਟਹਿਲ ਸਿੰਘ, ਅਨਿਲ ਫ਼ਤਿਹਗੜ ਜੱਟਾਂ, ਗੋਲੂ ਉਟਾਲਾਂ, ਜਗਤਾਰ ਸਿੰਘ ਢਿੱਲੋਂ, ਅਮੀਰ ਸਿੰਘ, ਹਰਬੰਸ ਸਿੰਘ ਲਾਲੀ, ਸ਼ਿੰਗਾਰਾ ਸਿੰਘ, ਰਾਮ ਸਿੰਘ, ਬੰਤਾ ਸਿੰਘ ਮੈਨੇਜਰ, ਅਵਤਾਰ ਸਿੰਘ, ਬਲਵੰਤ ਸਿੰਘ ਮਾਂਗਟ, ਜਗਜੀਤ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ |