ਡੇਹਲੋਂ, 16 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਡੇਹਲੋਂ ਵਿਖੇ ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਨੂੰ ਸਮਰਪਿਤ 2 ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਕਈ ਰੋਜ ਤੋਂ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਗੁਰਵਿੰਦਰ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ ਦੇ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਤਾ ਕੀਤਾ ਗਿਆ | ਇਸ ਮੌਕੇ ਭਾਈ ਕੁਲਦੀਪ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਵਲੋਂ ਸਮੂਹ ਸੰਗਤ ਨੂੰ ਪੰਜ ਕਕਾਰਾਂ ਦੀ ਮਹਾਨਤਾ ਬਾਰੇ ਦੱਸਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ | ਭਾਈ ਸੁਖਚੈਨ ਸਿੰਘ ਸ਼ੰਕਰ ਦੇ ਢਾਡੀ ਜਥੇ ਵਲੋਂ ਗੁਰ ਇਤਿਹਾਸ ਨੂੰ ਵਾਰਾਂ ਰਾਹੀ ਗਾਇਨ ਕਰਦਿਆਂ ਸੰਗਤ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਆ ਗਿਆ | ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜ ਪਿਆਰੇ ਸਾਹਿਬਾਨ ਵਲੋਂ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 33 ਪ੍ਰਾਣੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਅੰਮਿ੍ਤ ਅਭਿਲਾਖੀ ਬਣੇ | ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮੈਨੇਜਰ ਜਸਵਿੰਦਰ ਸਿੰਘ ਵਲੋਂ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਪ੍ਰਧਾਨ ਬਚਿੱਤਰ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ, ਸੈਕਟਰੀ ਜਗਦੀਪ ਸਿੰਘ ਲਾਡੀ, ਜਤਿੰਦਰ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਮਾਸਟਰ ਬਲਦੇਵ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ, ਧੀਰਜ ਸਿੰਘ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਪੰਚ ਜਸਵੀਰ ਸਿੰਘ ਸਮੇਤ ਮੌਜੂਦ ਸਨ |