ਸਾਹਨੇਵਾਲ ਮਾਰਕੀਟ ਕਮੇਟੀ ਹੇਠ ਮੰਡੀਆਂ 'ਚ ਕੁੱਲ 19,533 ਕੁਇੰਟਲ ਕਣਕ ਦੀ ਹੋਈ ਖ਼ਰੀਦ
ਅਜੀਤ ਡੈਸਕ
18-04-2026
ਕੁਹਾੜਾ, 17 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਮਾਰਕੀਟ ਕਮੇਟੀ ਸਾਹਨੇਵਾਲ ਦੇ ਅਧੀਨ ਆਉਣ ਵਾਲੀਆਂ ਦਾਣਾ ਮੰਡੀਆਂ ਸਾਹਨੇਵਾਲ, ਖ਼ਾਨਪੁਰ, ਟਿੱਬਾ, ਲੱਖੋਵਾਲ, ਧਨਾਨਸੂ, ਜੰਡਿਆਲੀ, ਕਟਾਣੀ ਖ਼ੁਰਦ ਅਤੇ ਕੂੰਮਕਲਾਂ ਮੰਡੀਆਂ ਵਿਚ ਕੁੱਲ 19,533 ਕੁਇੰਟਲ ਕਣਕ ਦੀ ਖ਼ਰੀਦ ਦਰਜ ਕੀਤੀ ਗਈ ਹੈ | ਖ਼ਰੀਦ ਏਜੰਸੀਆਂ ਵਿਚ ਪਨਗ੍ਰੇਨ ਵਲੋਂ 5587 ਕੁਇੰਟਲ, ਮਾਰਕਫੈੱਡ ਵਲੋਂ ਲਗਭਗ 12,911 ਕੁਇੰਟਲ ਅਤੇ ਵੇਅਰ ਹਾਊਸ ਵਲੋਂ 1035 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ | ਇਸ ਨਾਲ ਮੰਡੀਆਂ ਵਿਚ ਆ ਰਹੀ ਫ਼ਸਲ ਦੀ ਸੰਭਾਲ ਅਤੇ ਖ਼ਰੀਦ ਪ੍ਰਕਿਰਿਆ ਨੂੰ ਗਤੀ ਮਿਲੀ ਹੈ |
ਇਸ ਦੇ ਨਾਲ ਹੀ ਲਿਫ਼ਟਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ | ਪਨਗ੍ਰੇਨ ਵਲੋਂ ਹੁਣ ਤੱਕ ਕਰੀਬ 1500 ਕੁਇੰਟਲ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ, ਜਦਕਿ ਬਾਕੀ ਸਟਾਕ ਨੂੰ ਚੁੱਕਣ ਦਾ ਕੰਮ ਜਾਰੀ ਹੈ | ਮਾਰਕੀਟ ਕਮੇਟੀ ਦੇ ਸਕੱਤਰ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਨਾ ਆਵੇ, ਇਸ ਲਈ ਪ੍ਰਬੰਧ ਮੁਕੰਮਲ ਕੀਤੇ ਗਏ ਹਨ | ਤੋਲ, ਭੁਗਤਾਨ ਅਤੇ ਲਿਫ਼ਟਿੰਗ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਟੀਮਾਂ ਮੌਕੇ 'ਤੇ ਤਾਇਨਾਤ ਹਨ | ਕਿਸਾਨਾਂ ਨੇ ਵੀ ਖ਼ਰੀਦ ਅਤੇ ਲਿਫ਼ਟਿੰਗ ਦੀ ਰਫ਼ਤਾਰ 'ਤੇ ਸੰਤੋਸ਼ ਜ਼ਾਹਿਰ ਕਰਦਿਆਂ ਉਮੀਦ ਜਤਾਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਕਿਰਿਆ ਹੋਰ ਤੇਜ਼ ਹੋਵੇਗੀ ਤਾਂ ਜੋ ਉਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਰੁਕਾਵਟ ਨਾ ਆਵੇ |