ਕੁਹਾੜਾ, 18 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਬੀ. ਐੈੱਡ. ਅਧਿਆਪਕ ਫ਼ਰੰਟ ਦੇ ਮਾਂਗਟ-2,3 ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਟੈੱਟ ਪੇਪਰ ਸਬੰਧੀ ਪ੍ਰੀਖਿਆ ਕੇਂਦਰ ਚੰਡੀਗੜ੍ਹ ਵਿਖੇ ਬਣਾਉਣ 'ਤੇ ਅਧਿਆਪਕ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬੀ. ਐੱਡ. ਅਧਿਆਪਕ ਫ਼ਰੰਟ ਤੇ ਬਲਾਕ-2 ਤੇ 3 ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਪ੍ਰੀਖਿਆ ਲਈ ਬਾਰਡਰ ਏਰੀਏ ਦੇ ਅਧਿਆਪਕਾਂ ਨੂੰ 250 ਤੋਂ 300 ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇਗਾ | ਅਧਿਆਪਕਾਂ ਨੇ ਸਵੇਰੇ 7.30 ਵਜੇ ਪ੍ਰੀਖਿਆ ਕੇਂਦਰਾਂ ਵਿਚ ਪਹੁੰਚਣਾ ਹੈ | ਇਸ ਮੌਕੇ ਬਲਾਕ ਕਮੇਟੀ ਮੈਂਬਰ ਪਰਮਜੀਤ ਸਿੰਘ ਮਾਦਪੁਰ ਤੇ ਨਰਿੰਦਰ ਸਿੰਘ ਜਮਾਲਪੁਰ ਨੇ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਨੇ ਪ੍ਰੀਖਿਆ ਕੇਂਦਰ ਜ਼ਿਲ੍ਹੇ ਵਿਚ ਬਣਾਉਣ ਦੀ ਗੱਲ ਕੀਤੀ ਸੀ | ਪਰ ਅੱਜ ਪ੍ਰੀਖਿਆ ਕੇਂਦਰ ਦੂਰ ਹੋਣ ਕਰ ਕੇ ਜਥੇਬੰਦੀਆਂ ਤੇ ਅਧਿਆਪਕਾਂ ਵਿਚ ਗ਼ੁੱਸੇ ਦੀ ਲਹਿਰ ਹੈ | ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਦੁਬਾਰਾ ਆਪਣੇ ਇਸ ਫ਼ੈਸਲੇ 'ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਅਧਿਆਪਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ |