ਰਾਏਕੋਟ, 18 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਬਜ਼ੀ ਮੰਡੀ ਰਾਏਕੋਟ ਵਿਖੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੱਦੇ 'ਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਐੱਨ.ਸੀ.ਆਰ ਕਾਮਿਆਂ 'ਤੇ ਅੰਨ੍ਹੇਵਾਹ ਦਮਨਕਾਰੀ ਨੀਤੀਆਂ ਵਿਰੁੱਧ ਮਨਰੇਗਾ ਦੇ ਜ਼ਿਲ੍ਹਾ ਪ੍ਰਧਾਨ ਡਾ. ਪ੍ਰਕਾਸ਼ ਸਿੰਘ ਬਰ੍ਹਮੀ ਦੀ ਅਗਵਾਈ ਵਿਚ ਸਖ਼ਤ ਰੋਸ ਪ੍ਰਗਟ ਕੀਤਾ | ਸੀਟੂ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਕਹਿਣ ਨੂੰ ਵੱਖੋ-ਵੱਖਰੇ ਝੰਡਿਆਂ ਅਤੇ ਵੱਖ-ਵੱਖ ਨਾਂਵਾਂ ਹੇਠ ਕੰਮ ਕਰ ਰਹੇ ਹਨ, ਪ੍ਰੰਤੂ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਅਤੇ ਹੱਕ ਮੰਗਦੇ ਕਾਮਿਆਂ ਤੇ ਜ਼ਬਰ ਢਾਹੁਣ ਲਈ ਇਕ-ਦੂਜੇ ਤੋਂ ਮੂਹਰੇ ਹੋ ਕੇ ਡਿੱਗਦੇ ਹਨ | ਯਾਦ ਰਹੇ ਪੰਜਾਬ ਵਿਚ ਪਿਛਲੇ 14 ਸਾਲਾਂ ਤੋਂ ਘੱਟੋ-ਘੱਟ ਉਜ਼ਰਤਾਂ ਵਿਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ | ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਲਈ ਦੋਵਾਂ ਪਾਰਟੀਆਂ ਵਿਚ ਕੋਈ ਵੀ ਅੰਤਰ ਨਜ਼ਰ ਨਹੀਂ ਆ ਰਿਹਾ | ਠੇਕੇਦਾਰੀ ਪ੍ਰਥਾ ਵਿਚ ਕੰਮ ਕਰਦੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਅਤੇ ਮਨਰੇਗਾ ਕਾਮਿਆਂ ਨੂੰ ਕੰਮ ਪੂਰਾ ਨਹੀਂ ਦਿੱਤਾ ਜਾ ਰਿਹਾ, ਮਜ਼ਦੂਰ ਦੀ ਦਿਹਾੜੀ 700 ਰੁਪਏ ਕਰਨੀ ਬਣਦੀ ਹੈ, ਮਹਿੰਗਾਈ ਦੇ ਯੁੱਗ ਵਿਚ ਮਜ਼ਦੂਰਾਂ ਨੂੰ ਕੰਮ ਸਾਲ ਭਰ ਦਿੱਤਾ ਜਾਵੇ | ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੀਟੂ ਆਗੂਆਂ ਨੇ ਮਾਨੇਸਰ, ਨੋਇਡਾ, ਗੁੜਗਾਉਂ, ਫਰੀਦਾਬਾਦ, ਗੁਰੂਗ੍ਰਾਮ, ਪਾਣੀਪਤ, ਸੂਰਤ ਅਤੇ ਰਾਜਧਾਨੀ ਦਿੱਲੀ ਦੇ ਖੇਤਰ ਵਿਚ ਐੱਨ.ਸੀ.ਆਰ ਦੇ ਕਾਮਿਆਂ ਵਲੋਂ ਘੱਟੋ-ਘੱਟ ਤਨਖ਼ਾਹ 26 ਹਜ਼ਾਰ ਰੁਪਏ ਕੀਤੀ ਜਾਵੇ, ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ, 8 ਘੰਟੇ ਤੋਂ ਵਧ ਸਮਾਂ ਕੰਮ ਕਰਦੇ ਕਾਮਿਆਂ ਨੂੰ ਦੋਗੁਣਾ ਓਵਰ ਟਾਈਮ ਦਿੱਤਾ ਜਾਵੇ, ਕੰਮ ਕਰਨ ਵਾਲੀਆਂ ਥਾਵਾਂ 'ਤੇ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾਵੇ ਆਦਿ ਮੰਗਾਂ ਉੱਪਰ ਧਿਆਨ ਦੇਣ ਦੀ ਮੰਗ ਕੀਤੀ, ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਮਜ਼ਦੂਰਾਂ ਦੀ ਗੱਲ ਸੁਣਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਜਾਰੀ ਰੱਖਣ ਲਈ ਮਜ਼ਦੂਰਾਂ ਦੇ ਹੱਕਾਂ ਅਤੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ, ਜਿਸ ਦੀ ਸੀਟੂ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਐੱਨ.ਸੀ.ਆਰ ਕਾਮਿਆਂ ਦੇ ਹੱਕੀਂ ਘੋਲ ਦਾ ਪੁਰਜ਼ੋਰ ਸਮਰਥਨ ਕੀਤਾ ਹੈ | ਉਨ੍ਹਾਂ ਮੰਗ ਕੀਤੀ ਕਿ ਐੱਨ.ਸੀ.ਆਰ ਕਾਮਿਆਂ 'ਤੇ ਬਣਾਏ ਝੂਠੇ ਮੁਕੱਦਮੇ ਰੱਦ ਕੀਤੇ ਜਾਣ, ਮਜ਼ਦੂਰ ਔਰਤਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ, ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਦਮਨ ਦਾ ਰਸਤਾ ਤਿਆਗ ਕੇ ਗੱਲਬਾਤ ਦਾ ਸਿਲਸਿਲਾ ਜਾਰੀ ਕੀਤਾ ਜਾਵੇ |