ਸਮਰਾਲਾ, 21 ਅਪ੍ਰੈਲ (ਕੁਲਵਿੰਦਰ ਸਿੰਘ)-ਪੰਜਾਬ ਦੀ ਨਾਮੀਂ ਸਾਹਿਤਕ ਸੰਸਥਾ ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਵਿਖੇ ਹੋਈ | ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਦੇ ਆਰੰਭ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਲੇਖਕ ਡਾ. ਅਮਰ ਕੋਮਲ, ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਅਤੇ ਉੱਘੇ ਚਿੰਤਕ ਐਡਵੋਕੇਟ ਐਨ. ਕੇ. ਜੀਤ ਨੂੰ ਭਾਵ- ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਬਲਵੰਤ ਸਿੰਘ ਮਾਂਗਟ ਨੂੰ ਨਵੀਂ ਕਿਤਾਬ 'ਬਾਬੇ ਗੋਲੇ ਦਾ ਬੰਗਾ' ਲਈ ਮੁਬਾਰਕਬਾਦ ਦਿੱਤੀ | ਦੀਪ ਦਿਲਬਰ ਨੇ ਇਸ ਕਿਤਾਬ ਦੀ ਸੰਖੇਪ ਜਾਣ-ਪਛਾਣ ਕਰਵਾਈ ਅਤੇ ਹਾਜ਼ਰੀਨ ਵੱਲੋਂ ਇਸ ਇਤਿਹਾਸਕ ਕਿਤਾਬ ਨੂੰ ਰਲ਼ਕੇ ਰਿਲੀਜ਼ ਕੀਤਾ ਗਿਆ | ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਕਿਤਾਬ ਬਾਰੇ ਵਿਸਥਾਰ ਸਹਿਤ ਗੱਲ ਕਰਦਿਆਂ ਕਿਹਾ ਕਿ ਬਲਵੰਤ ਸਿੰਘ ਮਾਂਗਟ ਨੇ ਬੰਗੇ ਸ਼ਹਿਰ ਦਾ ਖੋਜ-ਭਰਪੂਰ ਇਤਿਹਾਸ ਲਿਖਕੇ ਆਪਣੀ ਲਿਖਣ ਕਲਾ ਦਾ ਲੋਹਾ ਮਨਵਾਇਆ ਹੈ | ਇਹ ਕਿਤਾਬ ਜਿੱਥੇ ਬੰਗੇ ਸ਼ਹਿਰ ਦੇ ਇਤਿਹਾਸਕ ਪੱਖ ਨੂੰ ਉਜਾਗਰ ਕਰਦੀ ਹੈ ਓਥੇ ਹੀ ਦੋਆਬਾ ਇਲਾਕੇ ਦੀ ਬੋਲੀ, ਸੱਭਿਆਚਾਰ, ਰੀਤੀ-ਰਿਵਾਜ, ਖਾਣ-ਪੀਣ ਦੇ ਨਾਲ਼ ਨਾਲ਼ ਬੰਗਾ ਸ਼ਹਿਰ ਦੀ ਆਬਾਦੀ, ਖ਼ੇਤਰਫ਼ਲ, ਮੁਹੱਲੇ, ਵਾਰਡ, ਵਿੱਦਿਅਕ ਅਦਾਰੇ ਏਥੋਂ ਤੱਕ ਕਿ ਵਿਅਕਤੀ ਵਿਸ਼ੇਸ਼ ਬਾਰੇ ਵੀ ਪੁਖ਼ਤਾ ਜਾਣਕਾਰੀ ਦਿੰਦੀ ਹੈ | ਉਹਨਾਂ ਤੋਂ ਇਲਾਵਾ ਬੁੱਧ ਸਿੰਘ ਨੀਲ਼ੋਂ ਨੇ ਵੀ ਇਸ ਕਿਤਾਬ 'ਤੇ ਵਿਚਾਰ ਚਰਚਾ ਕੀਤੀ | ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਮਲਜੀਤ ਨੀਲੋਂ ਦੀ ਰਚਨਾ 'ਅÏੜ੍ਹਨ ਵਾਲ਼ਾ ਸੌਫਟਵੇਅਰ' ਨਾਲ਼ ਹੋਈ | ਗ਼ਜ਼ਲਗੋ ਜੋਰਾਵਰ ਸਿੰਘ ਪੰਛੀ ਨੇ ਗ਼ਜ਼ਲ 'ਖ਼ਾਮੋਸ਼ ਸਾਰਾ ਸ਼ਹਿਰ ਹੈ ਨਾ ਬੋਲਦਾ ਨਾ ਚਾਲਦਾ, ਕਾਨੂੰਨ ਪਰ ਜ਼ਿੰਦਾ ਗਵਾਹ ਇਸ ਸ਼ਹਿਰ ਤੋਂ ਹੈ ਭਾਲਦਾ |' ਪੰਮੀ ਹਬੀਬ ਨੇ ਮਿੰਨੀ ਕਹਾਣੀ ਅਜੋਕੀ ਰਾਜਨੀਤੀ ਤੇ ਵਿਅੰਗ ਕਸਦੀ 'ਦੁੱਧ ਧੋਤੇ' ਸੁਣਾਈ | ਕਲਾ ਸੰਗਮ ਨੀਲੋਂ ਪੁਲ਼ ਦੇ ਪ੍ਰਧਾਨ ਅਨਿਲ ਫਤਹਿਗੜ੍ਹ ਜੱਟਾਂ ਨੇ ਖ਼ੂਬਸੂਰਤ ਗੀਤ 'ਮਾਏ ਨੀ ਮਾਏ ਮੈਨੂੰ ਐਸਾ ਸ਼ੀਸ਼ਾ ਚਾਹੀਦਾ, ਮੁੱਖ ਦੇਖਾਂ ਅਪਣਾ ਤੇ ਦਿਖੇ ਮੈਨੂੰ ਮਾਹੀਦਾ' ਪੇਸ਼ ਕੀਤਾ | ਬਲਵੰਤ ਮਾਂਗਟ ਨੇ ਇਤਿਹਾਸ ਮਿਥਿਹਾਸ ਨਾਲ਼ ਸੰਬੰਧਿਤ ਖੋਜ ਭਰਪੂਰ ਵੱਡ-ਅਕਾਰੀ ਲੇਖ 'ਸੀਤਾ' ਦਾ ਇਕ ਹਿੱਸਾ ਪੜਿਆ | ਉੱਘੇ ਸੰਗੀਤਕਾਰ ਅਤੇ ਸ਼ਾਇਰ ਮੀਤ ਪਾਨੀਪਤ ਨੇ ਆਪਣੀ ਉਰਦੂ ਗ਼ਜ਼ਲ 'ਮੇਰੇ ਇਸ਼ਕ ਕੀ ਕੋਈ ਇੰਤਜਾਹ ਨਾ ਇੰਤਹਾ ਹੈ' ਕਹਾਣੀਕਾਰਾ ਯਤਿੰਦਰ ਮਾਹਲ ਨੇ ਨਵੀਂ ਲਿਖੀ ਕਹਾਣੀ 'ਤਾਂਡਵ ਤੋਂ ਪਾਰ' ਨਾਲ ਸਾਂਝ ਪਾਈ | ਜਿਸ ਤੇ ਚਰਚਾ ਦੌਰਾਨ ਕਹਾਣੀ ਵਿਚਲੇ ਵਿਸਥਾਰ ਨੂੰ ਘਟਾਉਣ ਦੀ ਗੱਲ ਆਖੀ ਗਈ ਜੋ ਕਹਾਣੀ ਨੂੰ ਅੱਗੇ ਤੁਰਨ ਵਿੱਚ ਰੁਕਾਵਟ ਖੜ੍ਹੀ ਕਰਦੇ ਹਨ | ਅਮਨ ਸਮਰਾਲਾ ਨੇ ਇਕ ਵੱਖਰੀ ਤਰ੍ਹਾਂ ਦਾ ਗੀਤ ''ਦੁਆ ਹੈ ਤੈਨੂੰ ਪਿਆਰ ਨਾ ਹੋਵੇ'' ਸੁਣਾ ਕੇ ਸਾਹਿਤ ਦੇ ਨਵੇਂ ਖੇਤਰ ਵਿੱਚ ਦਸਤਕ ਦਿੱਤੀ | ਸਿਮਰਜੀਤ ਸਿੰਘ ਕੰਗ ਨੇ ਸਿੱਖ ਇਤਿਹਾਸ ਨਾਲ਼ ਸੰਬੰਧਿਤ ਲੰਬਾ ਲੇਖ 'ਥਾਨੇਸਰ ਦੇ ਸਿੱਖ ਸਰਦਾਰ' ਪੜਿਆ ਜਿਸ ਰਾਹੀਂ ਸਰੋਤਿਆਂ ਨੂੰ ਭਰਪੂਰ ਜਾਣਕਾਰੀ ਮਿਲੀ | ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ਉੱਤੇ ਉਪਰੋਕਤ ਲੇਖਕਾਂ ਤੋਂ ਇਲਾਵਾ ਗੁਰਭਗਤ ਗਿੱਲ ਸ੍ਰੀ ਭੈਣੀ ਸਾਹਿਬ, ਸਰਪ੍ਰਸਤ ਦਰਸ਼ਨ ਸਿੰਘ ਕੰਗ, ਸਰਪ੍ਰਸਤ ਗੁਰਦੀਪ ਕੌਰ ਮਾਛੀਵਾੜਾ, ਕਹਾਣੀਕਾਰ ਸੰਦੀਪ ਸਮਰਾਲਾ, ਦੀਪ ਦਿਲਬਰ, ਸੁਰਜੀਤ ਵਿਸ਼ਾਦ, ਅਮਨ ਆਜ਼ਾਦ, ਇੰਦਰਜੀਤ ਸਿੰਘ ਕੰਗ, ਮਹਿਕਦੀਪ ਕੌਰ ਕੋਟਾਲਾ ਅਤੇ ਨੇਤਰ ਸਿੰਘ ਮੁੱਤਿਓਾ ਆਦਿ ਨੇ ਵੀ ਚਰਚਾ ਕੀਤੀ | ਸਮੁੱਚੀ ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਦੀਪ ਦਿਲਬਰ ਵੱਲੋਂ ਸੁਚੱਜੇ ਢੰਗ ਨਾਲ਼ ਚਲਾਈ ਗਈ |