ਪ੍ਰਵਾਸੀ ਮਜ਼ਦੂਰ ਦਾ 13 ਸਾਲਾ ਬੱਚਾ ਨਸ਼ੇ ਦੀ ਪੂਰਤੀ ਕਰਨ ਲਈ ਚੋਰੀ ਕਰਦਾ ਫੜਿਆ
ਅਜੀਤ ਡੈਸਕ
23-04-2026
ਮਾਛੀਵਾੜਾ ਸਾਹਿਬ, 22 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-'ਯੁੱਧ ਨਸ਼ਿਆਂ ਵਿਰੁੱਧ' ਚੱਲ ਰਹੀ ਮੁਹਿੰਮ ਤਹਿਤ ਪੁਲਿਸ ਵਲੋਂ ਸੈਂਕੜੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਜੇਲ੍ਹਾਂ ਵਿਚ ਡੱਕਣ ਦਾ ਦਾਅਵਾ ਕੀਤਾ ਜਾ ਰਿਹਾ | ਪਰ ਇਸ ਦੇ ਉਲਟ ਅਸਲੀਅਤ ਕੋਹਾਂ ਦੂਰ ਹੈ | ਸੂਬੇ ਵਿਚ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਅੱਜ ਮਾਛੀਵਾੜਾ ਸਾਹਿਬ ਦੇ ਨੀਵਾਂ ਬਾਜ਼ਾਰ ਵਿਚ ਉਸ ਸਮੇਂ ਦੇਖਣ ਨੂੰ ਮਿਲੀ | ਜਦੋਂ ਦੁਕਾਨਦਾਰਾਂ ਵਲੋਂ 13 ਸਾਲਾ ਲੜਕੇ ਨੂੰ ਨਸ਼ੇ ਦੀ ਪੂਰਤੀ ਲਈ ਸ਼ਿਵ ਮੰਦਿਰ 'ਚੋਂ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ | ਜਾਣਕਾਰੀ ਅਨੁਸਾਰ ਇਹ ਲੜਕਾ ਚੁੰਬਕ ਤੇ ਤਾਰ ਦੀ ਕੁੰਡੀ ਬਣਾ ਕੇ ਗੋਲਕ 'ਚੋਂ ਪੈਸੇ ਚੋਰੀ ਕਰਨ ਲੱਗਾ ਤਾਂ ਅਚਾਨਕ ਨੇੜੇ ਹੀ ਦੁੱਧ ਦੀ ਡੇਅਰੀ ਚਲਾਉਂਦੇ ਸ਼ੈਂਕੀ ਸ਼ਰਮਾ ਅਤੇ ਹੋਰ ਦੁਕਾਨਦਾਰਾਂ ਵਲੋਂ ਚੋਰੀ ਕਰਦਿਆਂ ਇਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ | ਜਦੋਂ ਇਸ ਲੜਕੇ ਦੀ ਉਮਰ ਪੁੱਛੀ ਗਈ ਤਾਂ ਉਸ ਨੇ 13 ਸਾਲ ਦੱਸੀ ਜੋ ਕਿ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਦਾ ਰਹਿਣ ਵਾਲਾ ਹੈ | ਨਾਬਾਲਗ ਲੜਕੇ ਦੀ ਤਲਾਸ਼ੀ ਦੌਰਾਨ ਉਸ ਦੀ ਜੇਬ 'ਚੋਂ ਜੋ ਬਰਾਮਦ ਹੋਇਆ ਤਾਂ ਉੱਥੇ ਖੜ੍ਹੇ ਦੁਕਾਨਦਾਰ ਹੈਰਾਨ ਹੋ ਗਏ ਕਿ ਉਸ ਕੋਲੋਂ ਟੀਕੇ, ਇੱਕ ਬਿਜਲੀ ਦੀ ਤਾਰ, ਸਿਗਰਟ ਦੀਆਂ ਡੱਬੀਆਂ, ਮਾਚਸਾਂ ਆਦਿ ਬਰਾਮਦ ਹੋਈਆਂ | ਇਸ ਨਾਬਾਲਗ ਲੜਕੇ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਜਿਸ ਦੀ ਪੂਰਤੀ ਲਈ ਉਹ ਚੋਰੀ ਕਰਨ ਲਈ ਆਇਆ ਸੀ | ਇਸ ਨਾਬਾਲਗ ਲੜਕੇ ਨੇ ਦੱਸਿਆ ਕਿ ਉਹ ਮੈਡੀਕਲ ਨਸ਼ਾ ਖ਼ਰੀਦਦਾ ਹੈ ਅਤੇ ਫਿਰ ਸਰਕਾਰੀ ਹਸਪਤਾਲ ਵਿਚ ਜਾ ਕੇ ਡਸਟਬੀਨਾਂ ਵਿਚ ਵਰਤੋਂ ਕੀਤੀਆਂ ਪੁਰਾਣੀਆਂ ਸਰਿੰਜਾਂ ਚੁੱਕ ਕੇ ਉਸ ਦੀ ਵਰਤੋਂ ਕਰ ਨਸ਼ਾ ਕਰਦਾ ਹੈ | ਬਾਂਹ ਵਿਚ ਟੀਕੇ ਲਗਾਉਣ ਲਈ ਉਸ ਨੂੰ ਕਈ ਵਾਰ ਨਾੜਾਂ ਵੀ ਨਹੀਂ ਲੱਭਦੀਆਂ ਜਿਸ ਲਈ ਉਸ ਨੇ ਬਿਜਲੀ ਦੀ ਤਾਰ ਰੱਖੀ ਹੋਈ ਹੈ ਜੋ ਬਾਂਹ 'ਤੇ ਬੰਨ੍ਹ ਕੇ ਨਾੜ ਲੱਭਦਾ ਹੈ ਅਤੇ ਫਿਰ ਉਸ ਵਿਚ ਮੈਡੀਕਲ ਨਸ਼ਾ ਸਰਿੰਜ ਵਿਚ ਘੋਲ ਕੇ ਟੀਕਾ ਲਗਾਉਂਦਾ ਹੈ | ਇੱਥੇ ਹੀ ਬੱਸ ਨਹੀਂ ਉਹ ਨਸ਼ੇ ਦੀ ਪੂਰਤੀ ਲਈ ਫਲੂਡ ਅਤੇ ਸਲੋਸ਼ਨ ਦੀ ਵਰਤੋਂ ਵੀ ਕਰਦਾ ਹੈ |