ਖੰਨਾ, 22 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਇਲਾਕੇ ਵਿਚ ਸਰਗਰਮ ਲੁਟੇਰਿਆਂ ਦੇ ਖ਼ਿਲਾਫ਼ ਮੁਹਿੰਮ ਵਿਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਸ਼ਾਤਰ ਮੁਲਜ਼ਮਾਂ ਨੂੰ ਹਥਿਆਰਾਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਐਸ. ਐਸ. ਪੀ. ਖੰਨਾ ਡਾ. ਦਰਪਨ ਆਹਲੂਵਾਲੀਆਂ ਦੀ ਰਹਿਨੁਮਾਈ ਹੇਠ ਅਤੇ ਡੀ. ਐਸ. ਪੀ. ਵਿਨੋਦ ਕੁਮਾਰ ਖੰਨਾ ਦੀ ਅਗਵਾਈ ਵਿੱਚ ਥਾਣਾ ਸਦਰ ਖੰਨਾ ਦੀ ਪੁਲਿਸ ਨੇ ਇਹ ਕਾਰਵਾਈ ਅੰਜਾਮ ਦਿੱਤੀ | ਏ. ਐਸ. ਆਈ. ਕਰਮਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਮਾਜਰੀ (ਰਸੂਲੜਾ) ਕੋਲ ਨਾਕਾਬੰਦੀ ਦੌਰਾਨ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ. ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦੀਪਕ ਸ਼ਾਹ (ਵਾਸੀ ਮੁਹੱਲਾ ਪਰਮਪੁਰਾ, ਖੰਨਾ) ਅਤੇ ਪ੍ਰੇਮ ਨਾਥ (ਵਾਸੀ ਨੇੜੇ ਛੁੱਤਾਂ ਵਾਲਾ ਗੁਰਦੁਆਰਾ, ਖੰਨਾ) ਵਜੋਂ ਹੋਈ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਦੇਸੀ ਪਿਸਤੌਲ (315 ਬੋਰ) ?ਦੋ ਜਿੰਦਾ ਰੌਂਦ ਇੱਕ ਚੋਰੀਸ਼ੁਦਾ ਮੋਟਰਸਾਈਕਲ (ਨੰਬਰ ਐਮ. ਐਚ.-31-ਬੀ. ਜੇ.-9043) ਬਰਾਮਦ ਕੀਤਾ ਹੈ | ਡੀ. ਐਸ. ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਮੁਲਜ਼ਮ ਪਿਸਤੌਲ ਦੀ ਨੋਕ 'ਤੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਡਰਾ-ਧਮਕਾ ਕੇ ਨਕਦੀ ਅਤੇ ਮੋਬਾਈਲ ਖੋਹ ਲੈਂਦੇ ਸਨ | ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਤੇ ਲੁੱਟਾਂ-ਖੋਹਾਂ ਕਰਦੇ ਸਨ | ਇਨ੍ਹਾਂ ਦੇ ਖ਼ਿਲਾਫ਼ ਪਹਿਲਾਂ ਵੀ ਖੰਨਾ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਹਨ | ਇਹ ਸਿਰਫ਼ ਖੰਨਾ ਹੀ ਨਹੀਂ ਬਲਕਿ ਫ਼ਤਿਹਗੜ੍ਹ ਸਾਹਿਬ, ਅਮਲੋਹ ਅਤੇ ਲੁਧਿਆਣਾ ਦੇ ਇਲਾਕਿਆਂ ਵਿੱਚ ਵੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਥਾਣਾ ਸਦਰ ਖੰਨਾ ਵਿਖੇ ਮੁਲਜ਼ਮਾਂ ਖ਼ਿਲਾਫ਼ ਬੀ. ਐਨ. ਐਸ. (ਬੀ ਐਨ ਐਸ.) ਦੀਆਂ ਧਾਰਾਵਾਂ 309(4), 111(2) ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਹੁਣ ਰਿਮਾਂਡ ਹਾਸਿਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ, ਜਿਸ ਵਿੱਚ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |