ਹਲਵਾਰਾ, 22 ਅਪ੍ਰੈਲ (ਮਨਦੀਪ ਸਿੰਘ ਉੱਭੀ)-ਪਹਿਲਾਂ ਤੋਂ ਹੀ ਪਛੜ ਕੇ ਮੰਡੀਆਂ ਵਿਚ ਸ਼ੁਰੂ ਕੀਤੀ ਕਣਕ ਖ਼ਰੀਦ ਦੇ ਢਿੱਲੇ ਪ੍ਰਬੰਧਾਂ ਨੇ ਅੰਨਦਾਤਾ ਕਿਸਾਨਾਂ ਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ ਤੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਮੰਡੀਆਂ ਵਿਚ ਕਣਕ ਦੀ ਖ਼ਰੀਦ ਵਿਚ ਤੇਜ਼ੀ ਲਿਆਉਣ ਸਮੇਤ ਲਿਫਟਿੰਗ ਦਾ ਕੰਮ ਵੀ ਨਾਲੋਂ-ਨਾਲ ਕਰਵਾਇਆ ਜਾਵੇ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਤੇ ਸਾਬਕਾ ਵਿਧਾਇਕ ਇੰਜੀਨੀਅਰ ਬਿਕਰਮਜੀਤ ਸਿੰਘ ਖ਼ਾਲਸਾ ਨੇ ਕਰਦਿਆਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿਚ ਜਿਥੇ ਜਿਣਸ ਦੀ ਤੁਲਾਈ ਵਿਚ ਘਪਲੇਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਥੇ ਲਿਫਟਿੰਗ ਦੇ ਮਾੜੇ ਪ੍ਰਬੰਧਾਂ ਕਾਰਨ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਬਿਕਰਮਜੀਤ ਸਿੰਘ ਖ਼ਾਲਸਾ ਨੇ ਇਸ ਤੋਂ ਇਲਾਵਾ ਬਿਜਲੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਆਮ ਖਪਤਕਾਰ ਤੇ ਖ਼ਾਸਕਰ ਕਿਸਾਨਾਂ ਨੂੰ ਖੇਤੀਬਾੜੀ ਸੈਕਟਰ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ ਤੇ ਲਗਾਏ ਜਾ ਰਹੇ ਲੰਮੇ ਲੰਮੇ ਕੱਟਾਂ ਤੋਂ ਹਰ ਵਰਗ ਨੂੰ ਨਿਜਾਤ ਦਿੱਤੀ ਜਾਵੇ |