ਮਲੌਦ, 24 ਅਪ੍ਰੈਲ ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਵਿੱਚ ਭਾਵੇ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਦਿੱਲੀ ਹਾਈਕਮਾਂਡ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਵਧਾਈ ਹੋਈ ਹੈ | ਪਰ ਹਲਕੇ ਵਿਚ ਪਿਛਲੀ ਵਾਰ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਬੇਹੱਦ ਸ਼ਰੀਫ਼ ਅਤੇ ਨਿੱਘੇ ਸੁਭਾਅ ਦੇ ਮਾਲਕ ਡਾ. ਜਸਪ੍ਰੀਤ ਸਿੰਘ ਬੀਜਾ, ਜੋ ਕਿ ਐਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਅਤਿ ਨਜ਼ਦੀਕੀ ਹਨ ਅਤੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ | ਜਿਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਤਹਿਤ ਬਤੌਰ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪੂਰੇ ਜ਼ਿਲੇ੍ਹ ਵਿਚ ਵਰਕਰਾਂ ਨੂੰ ਆਮ ਆਦਮੀ ਪਾਰਟੀ ਅਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਲਈ ਪ੍ਰਚਾਰ ਮੁਹਿੰਮ ਵਿੱਢੀ ਹੋਈ ਹੈ | ਪਰ ਵਿਧਾਨ ਸਭਾ ਹਲਕਾ ਪਾਇਲ ਵਿਚ ਡਾ. ਬੀਜਾ ਵਲੋਂ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲੇ ਵੱਡੀ ਗਿਣਤੀ ਵਿਚ ਹੋਰਡਿੰਗ ਲਗਾਏ ਜਾ ਰਹੇ ਹਨ, ਜਿਨ੍ਹਾਂ ਉੱਪਰ ਪਾਰਟੀ ਸੁਪਰੀਮੋ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾ. ਬੀਜਾ ਦੀ ਤਸਵੀਰ ਲੱਗੀ ਹੋਈ ਹੈ | ਹਲਕਾ ਪਾਇਲ ਵਿਚ ਅੱਜ ਕੱਲ੍ਹ ਇਨ੍ਹਾਂ ਬੋਰਡਾਂ ਦੀ ਚਰਚਾ ਹਰ ਕੋਈ ਕਰਦਾ ਵੇਖਿਆ ਸੁਣਿਆ ਜਾ ਸਕਦਾ ਹੈ, ਪਰ ਮੌਜੂਦਾ ਵਿਧਾਇਕ ਜਿਹੜੇ ਪਹਿਲਾਂ ਆਪਣੀ ਬਿਨਾਂ ਤਨਖ਼ਾਹ ਲਏ ਕੰਮ ਕਰਨ ਵਾਲੀ ਟੀਮ ਨਾਲ ਹੀ ਅਕਸਰ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ ਸਨ | ਹੁਣ ਉਹ ਵੀ ਨਿੱਜੀ ਤੌਰ 'ਤੇ ਇੱਕ ਡਰਾਈਵਰ ਅਤੇ ਗੰਨਮੈਨ ਨਾਲ ਪਿੰਡ ਪਿੰਡ ਜਾਂ ਕੇ ਸੜਕਾਂ, ਖੇਡ ਗਰਾਊੰਡਾਂ ਅਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਵੇਖੇ ਗਏ | ਹੁਣ ਵੇਖੋ ਆਮ ਆਦਮੀ ਪਾਰਟੀ ਦੇ 7 ਦੇ | ਕਰੀਬ ਰਾਜ ਸਭਾ ਮੈਂਬਰਾਂ ਦੇ ਪਾਰਟੀ ਛੱਡ ਕੇ ਜਾਣ ਦੇ ਡੈਂਟ ਨੂੰ ਪਾਰਟੀ ਸੁਮਰੀਮੋ ਕਿਵੇਂ ਪੂਰਾ ਕਰਦੇ ਹਨ | ਭਾਵੇ ਉਨ੍ਹਾਂ ਨੇ ਟਵੀਟ ਕਰ ਕੇ ਭਾਜਪਾ ਉੱਪਰ ਹੀ ਦੋਸ਼ ਲਾ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਹੈ | ਪਰ ਜੋ ਪੰਜਾਬ ਵਿਚ ਆਪ ਦੇ ਵਿਧਾਇਕ ਦੀਆਂ 2027 ਵਿਚ ਟਿਕਟਾਂ ਕੱਟਣ ਅਤੇ ਹਲਕੇ ਬਦਲਣ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਹਨ, ਕੀ ਇਹ ਵੱਡੀ ਗਿਣਤੀ ਵਿਚ ਡਾ. ਜਸਪ੍ਰੀਤ ਸਿੰਘ ਬੀਜਾ ਦੇ ਲੱਗ ਰਹੇ ਹੋਰਡਿੰਗ ਕੁਛ ਅਜਿਹੇ ਹੀ ਸੰਕੇਤ ਤਾਂ ਨਹੀਂ ਦੇ ਰਹੇ | ਜਿਸ ਸਬੰਧੀ ਅਜੇ ਹਲਕਾ ਵਿਧਾਇਕ ਦਾ ਕੋਈ ਪ੍ਰਤੀਕਰਮ ਨਹੀਂ ਵੇਖਿਆ | ਕੀ ਉਹ ਵੀ ਮੁਕਾਬਲੇ ਵਿਚ ਹੋਰਡਿੰਗ ਮੁਹਿੰਮ ਸ਼ੁਰੂ ਕਰਨਗੇ ਜਾਂ ਫਿਰ ਕੋਈ ਹੋਰ ਜਵਾਬ ਦੇਣਗੇ |