ਡੇਹਲੋਂ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਅੱਜ ਦੁਪਹਿਰ ਕਰੀਬ 2.15 ਵਜੇ ਇਕ ਸਰਕਾਰੀ ਸਕੂਲ ਦੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਬੱਸ ਵਿੱਚ ਸਵਾਰ ਕਰੀਬ 35 ਤੋਂ 40 ਬੱਚਿਆਂ ਵਿਚੋਂ ਸਿਰਫ਼ ਇਕ ਬੱਚੇ ਦੇ ਬਾਂਹ ਤੇ ਮਾਮੂਲੀ ਸੱਟ ਲੱਗੀ ਅਤੇ ਬਾਕੀ ਬੱਚੇ ਪ੍ਰਮਾਤਮਾ ਦੀ ਮਿਹਰ ਸਦਕਾ ਵਾਲ-ਵਾਲ ਬਚ ਗਏ, ਪਰ ਬੱਸ ਬੁਰੀ ਤਰਾਂ ਨੁਕਸਾਨੀ ਗਈ | ਜਾਣਕਾਰੀ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਸਿਆੜ ਤੋਂ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਬੱਚਿਆਂ ਨੂੰ ਲਿਆਉਣ ਲਈ ਇਕ ਪ੍ਰਾਈਵੇਟ ਬੱਸ ਦਾ ਇੰਤਜ਼ਾਮ ਸਕੂਲ ਵਾਲਿਆਂ ਵਲੋਂ ਕੀਤਾ ਹੋਇਆ, ਜੋ ਦੁਪਹਿਰ ਕਰੀਬ 2 ਵਜੇ ਛੁੱਟੀ ਹੋਣ ਬਾਅਦ ਜਿਉਂ ਹੀ ਸਕੂਲ ਤੋਂ ਨਿਕਲੀ ਤਾਂ ਪਿੰਡ ਬੁਟਾਹਰੀ ਦੋ ਬੱਚਿਆਂ ਉਤਾਰ ਕੇ ਪਿੰਡ ਖੱਟੜਾ ਨੂੰ ਬੱਚੇ ਛੱਡਣ ਜਾ ਰਹੀ ਸੀ ਕਿ ਡਰਾਈਵਰ ਦੀ ਅਣਗਹਿਲੀ ਨਾਲ ਬੱਸ ਸੜਕ ਕਿਨਾਰੇ ਖੜੇ ਦਰਖਤ ਨਾਲ ਜਾ ਟਕਰਾਈ ਅਤੇ ਦੂਰ ਤੱਕ ਦਰਖਤ ਦਾ ਟਹਿਣਾ ਤੋੜ ਕੇ ਅੱਗੇ ਤੱਕ ਲੈ ਗਈ |ਪਿੰਡ ਖੱਟੜਾ ਦੇ ਲੋਕ ਤੁਰੰਤ ਮੌਕੇ ਤੇ ਪੁੱਜੇ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ | ਮੌਕੇ 'ਤੇ ਸਕੂਲ ਬੱਚਿਆਂ ਦੇ ਦੱਸਣ ਮੁਤਾਬਿਕ ਕਿ ਬੱਸ ਡਰਾਈਵਰ ਵਲੋਂ ਗਾਣਾ ਬਦਲਣ ਸਮੇਂ ਇਹ ਹਾਦਸਾ ਵਾਪਰਿਆ, ਭਾਵੇਂ ਕਿ ਖ਼ੁਸ਼ਕਿਸਮਤੀ ਨਾਲ ਬੱਚੇ ਬਿਲਕੁਲ ਠੀਕ ਹਨ | ਪਿੰਡ ਖੱਟੜਾ ਦੇ ਸਰਪੰਚ ਹਰਮੀਤ ਸਿੰਘ ਹੈਪੀ ਨੇ ਦੱਸਿਆ ਕਿ ਬੱਸ ਅੰਦਰ ਵੱਡੀ ਗਿਣਤੀ ਵਿੱਚ ਬੱਚੇ ਬੈਠੇ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ | ਇਸ ਸੰਬੰਧੀ ਸੈਕੰਡਰੀ ਸਕੂਲ ਇੰਚਾਰਜ ਦਰਸ਼ਨ ਸਿੰਘ ਝੱਜ ਨੇ ਦੱਸਿਆਂ ਕਿ ਸਰਕਾਰੀ ਸਕੂਲ ਸਿਆੜ ਤੋਂ ਕਰੀਬ 2 ਵਜੇ ਬੱਸ ਨਿਕਲੀ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਕਰੀਬ 35 ਤੋਂ 40 ਬੱਚੇ ਸਵਾਰ ਸਨ ਅਤੇ ਪਿੰਡ ਬੁਟਾਹਰੀ ਦੋ ਬੱਚੇ ਉਤਾਰ ਕੇ ਪਿੰਡ ਖੱਟੜਾ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਹਾਦਸੇ ਵਿਚ ਵਿਦਿਆਰਥੀ ਰਾਜਨਪ੍ਰੀਤ ਸਿੰਘ ਦੇ ਸੱਟ ਮੋਢੇ ਤੇ ਸੱਟ ਲੱਗੀ ਹੈ, ਜੋ ਜਲਦੀ ਠੀਕ ਹੋ ਜਾਵੇਗਾ | ਜਦਕਿ ਬਾਕੀ ਬੱਚੇ ਵਾਹਿਗੁਰੂ ਦੀ ਮਿਹਰ ਸਦਕਾ ਠੀਕ ਹਨ | ਇਹ ਦੱਸਣਯੋਗ ਹੈ ਕਿ ਅਹਿਮ ਜਾਣਕਾਰੀ ਅਨੁਸਾਰ ਉਕਤ ਡਰਾਈਵਰ ਅਜੇ ਦੂਸਰੇ ਦਿਨ ਹੀ ਬੱਸ ਮਾਲਕ ਦੇ ਬਿਮਾਰ ਹੋਣ ਕਾਰਨ ਬੱਚਿਆਂ ਨੂੰ ਲੈਣ ਆਇਆ ਸੀ ਕਿ ਅਣਗਹਿਲੀ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ |