ਖੰਨਾ, 24 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਹਲਕਾ ਖੰਨਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਨਗਰ ਕੌਂਸਲ ਖੰਨਾ ਦੇ ਦਫ਼ਤਰ ਵਿਖੇ ਐੱਸ. ਡੀ. ਐੱਮ. ਖੰਨਾ ਸਵਾਤੀ ਟਿਵਾਣਾ ਅਤੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਅਹਿਮ ਫ਼ੈਸਲੇ ਲਏ ਗਏ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ-ਵੱਖ ਨਗਰ ਕੌਂਸਲਾਂ ਦੀ ਮਿਆਦ ਪੂਰੀ ਹੁੰਦੀ ਜਾ ਰਹੀ ਹੈ | ਇਨ੍ਹਾਂ ਨਗਰ ਕੌਂਸਲਾਂ ਵਿਚ ਇੰਚਾਰਜ ਪ੍ਰਸ਼ਾਸਨਿਕ ਅਧਿਕਾਰੀ ਲੱਗ ਰਹੇ ਹਨ | ਇਸੇ ਤਰ੍ਹਾਂ ਨਗਰ ਕੌਂਸਲ ਖੰਨਾ ਦੀ ਮਿਆਦ 21 ਅਪ੍ਰੈਲ 2026 ਨੂੰ ਪੂਰੀ ਹੋ ਚੁੱਕੀ ਹੈ | ਇਸ ਦੇ ਪੰਜ ਸਾਲ ਪੂਰੇ ਹੋ ਚੁੱਕੇ ਹਨ | ਹੁਣ ਨਗਰ ਕੌਂਸਲ ਖੰਨਾ ਦੇ ਇੰਚਾਰਜ ਉਪ ਮੰਡਲ ਮਜਿਸਟਰੇਟ ਖੰਨਾ ਸਵਾਤੀ ਟਿਵਾਣਾ ਹਨ | ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਦੀ ਬਿਹਤਰੀ ਅਤੇ ਸੁਧਾਰ ਜਿਵੇਂ ਕਿ ਇੱਥੇ ਸਾਫ-ਸਫਾਈ ਹੋਵੇ, ਟਰੈਫ਼ਿਕ ਦੀ ਸਮੱਸਿਆ ਖ਼ਤਮ ਹੋਵੇ, ਬੇਸਿਕ ਲੋੜਾਂ ਜਿਵੇਂ ਲਾਈਟਾਂ, ਗਲੀਆਂ ਦੀ ਸਫ਼ਾਈ, ਸੀਵਰੇਜ ਦੀ ਸਫ਼ਾਈ, ਜਿੱਥੇ ਸੀਵਰੇਜ ਨਹੀਂ ਹੈ ਉੱਥੇ ਸੀਵਰੇਜ ਪੈ ਸਕੇ ਆਦਿ ਬਹੁਤ ਸਾਰੇ ਕੰਮ ਹਨ, ਜੋ ਨਗਰ ਕੌਂਸਲ ਖੰਨਾ ਦੇ ਕਾਰਜ ਥੱਲੇ ਆਉਂਦੇ ਹਨ | ਇਸ ਬਾਰੇ ਵਿਸਥਾਰ ਨਾਲ ਮੀਟਿੰਗ ਵਿਚ ਚਰਚਾ ਹੋਈ ਹੈ | ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੈਂ ਖੰਨੇ ਦਾ ਸੇਵਾਦਾਰ ਅਤੇ ਵਿਧਾਨ ਸਭਾ ਦਾ ਮੈਂਬਰ ਹੋਣ ਦੇ ਨਾਤੇ ਇਸ ਮੀਟਿੰਗ ਵਿਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਬਹੁਤ ਅਹਿਮ ਫ਼ੈਸਲੇ ਲਏ ਹਨ | ਖੰਨਾ ਦਾ ਬਹੁਤ ਮਹੱਤਵਪੂਰਨ ਪਾਰਕ ਪ੍ਰੇਮ ਭੰਡਾਰੀ ਪਾਰਕ ਦੀ ਹਾਲਤ ਪਿਛਲੇ ਕੁੱਝ ਦਹਾਕਿਆਂ ਤੋਂ ਬਹੁਤ ਖ਼ਰਾਬ ਸੀ | ਬਾਰਸ਼ਾਂ ਦੌਰਾਨ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਸੀ | ਇੱਥੇ ਝੂਲੇ, ਫੁਆਰੇ ਆਦਿ ਦੀ ਹਾਲਤ ਬਹੁਤ ਖ਼ਰਾਬ ਸੀ ਸੋ ਅੱਜ ਅਸੀਂ ਫ਼ੈਸਲਾ ਲਿਆ ਹੈ ਕਿ ਪ੍ਰੇਮ ਭੰਡਾਰੀ ਪਾਰਕ ਦਾ ਨਵੀਨੀਕਰਨ ਕੀਤਾ ਜਾਵੇਗਾ | ਇੱਥੇ ਭਰਤ ਪਵਾ ਕੇ ਇਸ ਦਾ ਲੇਬਲ ਸੜਕ ਤੋਂ ਉੱਚਾ ਚੁੱਕਿਆ ਜਾਵੇਗਾ | ਦੁਬਾਰਾ ਤੋਂ ਇਸ ਪਾਰਕ ਵਿਚ ਘਾਹ ਲਗਾਇਆ ਜਾਵੇਗਾ | ਇੱਥੇ ਵਧੀਆ ਤਰੀਕੇ ਨਾਲ ਸੈਰ ਲਈ ਟਰੈਕ ਬਣਾਏ ਜਾਣਗੇ, ਝੂਲੇ ਅਤੇ ਫੁਆਰੇ ਲਗਾਏ ਜਾਣਗੇ | ਇਸ ਪਾਰਕ ਵਿਚ ਵਧੀਆ ਕਿਸਮ ਦੇ ਫੁੱਲ ਅਤੇ ਦਰਖਤ ਲਗਾ ਕੇ ਇਸ ਦੀ ਚਾਰਦੀਵਾਰੀ ਕਰ ਕੇ ਇਸ ਨੂੰ ਸੋਹਣਾ ਬਣਾਇਆ ਜਾਵੇਗਾ | ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਨਗਰ ਕੌਂਸਲ ਖੰਨਾ ਦੇ ਏਰੀਏ ਵਿਚ ਕੰਧਾਂ ਉੱਤੇ ਆਟੇ ਦੀਆਂ ਲੇਵੀਆਂ ਲਾ ਕੇ ਪੋਸਟਰ ਚਿਪਕਾਏ ਜਾਂਦੇ ਸੀ ਜਿਸ ਨਾਲ ਪੂਰੇ ਸ਼ਹਿਰ ਵਿਚ ਗੰਦਗੀ ਫੈਲਾਈ ਜਾਂਦੀ ਸੀ | ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖ਼ਤਮ ਕਰਨ ਲਈ ਐੱਸ. ਡੀ. ਐੱਮ. ਸਵਾਤੀ ਟਿਵਾਣਾ ਆਰਡਰ ਜਾਰੀ ਕਰ ਦੇਣਗੇ | ਇਸ ਨਾਲ ਜੋ ਵੀ ਵਿਅਕਤੀ ਲੇਵੀ ਨਾਲ ਪੋਸਟਰ ਨਗਰ ਕੌਂਸਲ ਖੰਨਾ ਦੇ ਏਰੀਏ ਵਿਚ ਚਿਪਕਾਏਗਾ, ਉਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਵਿਚ ਨਗਰ ਕੌਂਸਲ ਖੰਨਾ ਦੀਆਂ 30 ਪ੍ਰਚਾਰ ਸਾਈਟਾਂ ਐਲਾਨੀਆਂ ਜਾ ਚੁੱਕੀਆਂ ਹਨ ਤਾਂ ਫਿਰ ਸ਼ਹਿਰ ਦੇ ਵਿਚ ਵੱਡੇ-ਵੱਡੇ ਬੈਨਰ ਕਿਉਂ ਲੱਗਣ | ਸ਼ਹਿਰ ਦੇ ਇਕੱਲੇ-ਇਕੱਲੇ ਚੌਂਕ ਦੇ ਜੰਗਲਿਆਂ ਉੱਤੇ ਲੋਕਾਂ ਨੇ ਆਪੋ ਆਪਣੇ ਬੋਰਡ ਬੰਨੇ ਹੋਏ ਹਨ ਜਿਸ ਨਾਲ ਸ਼ਹਿਰ ਦੀ ਦਿੱਖ ਖ਼ਰਾਬ ਹੁੰਦੀ ਹੈ ਅਤੇ ਹਵਾ ਚੱਲਣ 'ਤੇ ਬੋਰਡ ਟੁੱਟਣ ਨਾਲ ਐਕਸੀਡੈਂਟ ਤੇ ਕਾਰਨਾਂ ਵਿੱਚ ਵਾਧਾ ਹੁੰਦਾ ਹੈ | ਸੋ ਪ੍ਰਚਾਰ ਦੀਆਂ 30 ਸਾਈਟਾਂ ਉੱਤੇ ਹੀ ਫਲੈਕਸਾਂ/ਬੋਰਡ ਲੱਗਣਗੇ | ਇਸ ਤੋਂ ਇਲਾਵਾ ਖੰਨਾ ਸ਼ਹਿਰ ਦੇ ਚੌਂਕਾਂ ਵਿਚ ਬਾਥਰੂਮ ਬਣਾਏ ਗਏ ਹਨ | ਇਨ੍ਹਾਂ ਬਾਥਰੂਮਾਂ ਨੂੰ ਵੀ ਜਲਦੀ ਚਾਲੂ ਕਰ ਦਿੱਤਾ ਜਾਵੇਗਾ | ਉੱਥੇ ਬੰਦਿਆਂ ਦੀ ਤਾਇਨਾਤੀ ਕਰ ਕੇ ਇਹ ਯਕੀਨੀ ਬਣਾ ਰਹੇ ਹਾਂ ਕਿ ਇਹ ਬਾਥਰੂਮ ਲੋਕਾਂ ਲਈ 8 ਤੋਂ 9 ਘੰਟਿਆਂ ਲਈ ਖੁੱਲੇ੍ਹ ਰਹਿਣ | ਫਿਲਹਾਲ ਇਨ੍ਹਾਂ ਬਾਥਰੂਮਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲਿਆ ਜਾਵੇਗਾ | ਪਰ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਬਾਥਰੂਮਾਂ ਨੂੰ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 7 ਵੀ ਹੋ ਸਕਦਾ ਹੈ | ਸੌਂਦ ਨੇ ਦੱਸਿਆ ਕਿ ਖੰਨਾ ਸ਼ਹਿਰ ਵਿਚ 1000 ਸੀ. ਸੀ. ਟੀ. ਵੀ. ਕੈਮਰੇ ਹਰੇਕ ਵਾਰਡ ਦੇ ਦਾਖਲ ਹੋਣ ਦੇ ਰਸਤਿਆਂ ਅਤੇ ਬਾਹਰ ਜਾਣ ਦੇ ਰਸਤਿਆਂ 'ਤੇ ਲਗਾਏ ਜਾਣਗੇ | ਖੰਨਾ ਦੀ ਪੂਰੀ ਦੀ ਪੂਰੀ ਨਗਰ ਕੌਂਸਲ ਹੱਦ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਸਰਵਿਸਿਜ਼ 'ਤੇ ਕਰਨ ਜਾ ਰਹੇ ਹਾਂ | ਇਸ ਦਾ ਕਮਾਂਡ ਐਂਡ ਕੰਟਰੋਲ ਰੂਮ ਸੀਨੀਅਰ ਪੁਲਿਸ ਕਪਤਾਨ ਖੰਨਾ ਦੇ ਦਫ਼ਤਰ ਵਿਚ ਬਣਾਇਆ ਜਾਵੇਗਾ | ਸੀ. ਸੀ. ਟੀ. ਵੀ. ਕੈਮਰੇ ਲੱਗਣ ਦਾ ਫ਼ਾਇਦਾ ਇਹ ਹੋਵੇਗਾ ਕਿ ਕੋਈ ਵੀ ਵਿਅਕਤੀ ਅਪਰਾਧ ਕਰ ਕੇ ਖੰਨੇ ਤੋਂ ਬਾਹਰ ਨਹੀਂ ਜਾ ਸਕੇਗਾ | ਸੋ ਖੰਨਾ ਨੂੰ ਜ਼ੀਰੋ ਟੋਲਰੈਂਸ ਅਪਰਾਧ ਮੁਕਤ ਸ਼ਹਿਰ ਬਣਾਵਾਂਗੇ | ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਨਗਰ ਕੌਂਸਲ ਕੋਲ 52 ਲੱਖ ਰੁਪਏ ਦੇ ਫ਼ੰਡ ਪਏ ਹੱਨ | ਸੋ 4 ਟੈਂਡਰ ਲਗਾਉਣ ਲਈ ਜ਼ਿੰਮੇਵਾਰੀ ਐੱਸ. ਡੀ. ਐਮ. ਸਵਾਤੀ ਟਿਵਾਣਾ ਨੂੰ ਪ੍ਰਸ਼ਾਸਨਿਕ ਤੌਰ 'ਤੇ ਦੇ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ ਵਿਚ ਲਾਈਟਾਂ ਦੀ ਕਮੀ ਹੈ, ਜਿਨ੍ਹਾਂ ਲਈ ਕੁੱਝ ਐਸਟੀਮੇਟ ਪਾਸ ਹੋਏ ਹਨ ਅਤੇ ਕੁੱਝ ਨਵੇਂ ਪਾਸ ਹੋਣੇ ਹਨ ਐੱਸ. ਡੀ. ਐੱਮ. ਸਵਾਤੀ ਟਿਵਾਣਾ ਇਹਨਾਂ ਐਸਟੀਮੇਟਾਂ 'ਤੇ ਵਰਕ ਆਊਟ ਕਰਨਗੇ | ਹੁਣ ਖੰਨੇ ਦੀ ਡੀਸਿਲਟਿੰਗ ਕਰਵਾ ਕੇ ਖੰਨਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇਗਾ | ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸ਼ਹਿਰ ਵਿਚ ਦੁਕਾਨਾਂ ਦੇ ਮੂਹਰੇ ਕੀਤੇ ਕਬਜ਼ਿਆਂ ਨੂੰ ਹਟਾਇਆ ਜਾਵੇਗਾ |