ਖੰਨਾ, 25 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਫ਼ੈਸਲੇ ਅਨੁਸਾਰ ਸਬ ਡਿਵੀਜ਼ਨ ਜਰਗ ਦੇ ਆਗੂਆਂ ਅਮਨਦੀਪ ਸਿੰਘ ਤੇ ਬਲਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਿਵੀਜ਼ਨ ਜਰਗ ਵਿਖੇ ਇੱਕਠੇ ਹੋ ਕੇ ਜਮਹੂਰੀ ਲਹਿਰ ਦੇ ਸਾਥੀ ਐਨ ਕੇ ਜੀਤ ਦੇ ਵਿਛੋੜਾ ਦੇ ਜਾਣ 'ਤੇ ਸ਼ੋਕ ਸਭਾ ਕੀਤੀ | ਸ਼ੋਕ ਸਭਾ ਵਿੱਚ ਡਵੀਜ਼ਨ ਅਤੇ ਸਰਕਲ ਦੇ ਆਗੂਆਂ ਜਗਦੇਵ ਸਿੰਘ, ਜਸਵਿੰਦਰ ਸਿੰਘ ਅਮਰਜੀਤ ਸਿੰਘ ਬੂਟਾ ਸਿੰਘ ਮਲਕੀਤ ਸਿੰਘ ਰੂਲਦਾ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਨੇ ਕਿਹਾ ਕਿ ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਐਨ ਕੇ ਜੀਤ ਪਿਛਲੀ ਦਿਨ ਸਦੀਵੀ ਵਿਛੋੜਾ ਦੇ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਇਸ ਮੌਕੇ ਇਕ ਸ਼ੋਕ ਸਭਾ ਵੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ਇਹ ਇਨਕਲਾਬੀ ਜਮਹੂਰੀ ਲਹਿਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ | ਉਨ੍ਹਾਂ ਨੇ ਕਿਹਾ ਕਿ ਐਨ ਕੇ ਜੀਤ ਸਾਥੀ ਨਾ ਸਿਰਫ ਇਕ ਟਰੇਡ ਯੂਨੀਅਨ ਆਗੂ ਸੀ ਸਗੋਂ ਉਸ ਦਾ ਮੰਨਣਾ ਸੀ ਕਿ ਟਰੇਡ ਯੂਨੀਅਨਾਂ ਨੂੰ ਅਗਾਂਹ ਮੁਕੰਮਲ ਮੁਕਤੀ ਤੱਕ ਵਿਕਸਿਤ ਕੀਤੇ ਵਗੈਰ ਮਜ਼ਦੂਰ ਜਮਾਤ ਦੀ ਮੁਕੰਮਲ ਮੁਕਤੀ ਸੰਭਵ ਨਹੀਂ ਹੈ |ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਵਲੋਂ ਇਨਕਲਾਬੀ ਜਮਹੂਰੀ ਲਹਿਰ ਵਲੋਂ ਤਹਿ ਮੁਕੰਮਲ ਮੁਕਤੀ ਦੇ ਰਾਹ ਨੂੰ ਅਪਣਾਇਆ ਅਤੇ ਇਸ ਰਾਹ 'ਤੇ ਚੱਲਦਿਆਂ ਉਹ ਸਾਡੇ ਤੋਂ ਸਦਾ ਲਈ ਵਿੱਛੜ ਗਏ ਹਨ | ਇਸ ਲਈ ਖੰਨਾ ਸਰਕਲ ਦੇ ਅਤੇ ਰਿਟਾਇਰੀ ਅਤੇ ਠੇਕਾ ਮੁਲਾਜ਼ਮ ਆਗੂਆਂ ਨੇ ਸਾਥੀ ਐਨ ਕੇ ਜੀਤ ਦੇ ਬਠਿੰਡਾ ਵਿਖੇ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ | ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਅਤੇ ਮੌਜੂਦਾ ਹਾਲਤਾਂ ਬਾਰੇ ਵਿਚਾਰਾਂ ਕਰਦੇ ਹੋਏ ਯੂਨੀਅਨ ਨੂੰ ਮਜ਼ਬੂਤ ਕਰਨ ਅਤੇ ਸਾਂਝੇ ਸੰਘਰਸ਼ ਤੇਜ਼ ਕਰਨ ਅਤੇ ਇਕ ਮਈ ਨੂੰ ਸਾਂਝੇ ਤੌਰ 'ਤੇ ਸਮਰਾਜ ਵਿਰੋਧੀ ਦਿਨ ਅਤੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਖੰਨਾ ਵਿਖੇ ਸਾਂਝੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ |