ਮਾਛੀਵਾੜਾ ਸਾਹਿਬ, 27 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਆਮ ਆਦਮੀ ਪਾਰਟੀ ਦੇ ਚੁਣੇ ਗਏ ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਛੱਡਣ ਕਾਰਨ ਵਰਕਰਾਂ ਤੇ ਆਗੂਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਅੱਜ ਸਥਾਨਕ ਖ਼ਾਲਸਾ ਚੌਂਕ ਵਿਚ 'ਆਪ' ਆਗੂ ਤੇ ਵਰਕਰਾਂ ਜਿਨ੍ਹਾਂ ਵਿਚ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਅਮਨਦੀਪ ਸਿੰਘ ਤਨੇਜਾ, ਜਸਵੀਰ ਸਿੰਘ ਭੱਟੀਆਂ (ਦੋਵੇਂ ਕੌਂਸਲਰ), ਰਣਜੀਤ ਸਿੰਘ ਜੀਤੀ, ਸੰਗਠਨ ਇੰਚਾਰਜ ਜਸਪ੍ਰੀਤ ਸਿੰਘ ਮਾਂਗਟ, ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ ਤੇਜਿੰਦਰ ਸਿੰਘ ਗਰੇਵਾਲ, ਲਾਲਾ ਮੰਗਤ ਰਾਏ, ਪੀ.ਏ. ਨਵਜੀਤ ਸਿੰਘ ਉਟਾਲਾਂ, ਜਸਵੀਰ ਸਿੰਘ ਗਿੱਲ, ਨਿਰੰਜਨ ਸਿੰਘ ਨੂਰ ਸ਼ਾਮਲ ਸਨ, ਨੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕਦਿਆਂ ਉਨ੍ਹਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਆਗੂ ਤੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਇਨ੍ਹਾਂ ਰਾਜ ਸਭਾ ਮੈਂਬਰਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ ਜਿਨ੍ਹਾਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ 4 ਸਾਲ ਸੱਤਾ ਵਿਚ ਆਨੰਦ ਮਾਣਨ ਤੋਂ ਬਾਅਦ ਇਹ ਰਾਜ ਸਭਾ ਮੈਂਬਰ ਪਾਰਟੀ ਨਾਲ ਗ਼ੱਦਾਰੀ ਕਰ ਗਏ | ਉਨ੍ਹਾਂ ਕਿਹਾ ਕਿ ਅਜਿਹੇ ਕੁਰਸੀ ਦੇ ਲਾਲਚੀ ਆਗੂਆਂ ਦੇ ਪਾਰਟੀ 'ਚੋਂ ਜਾਣ ਨਾਲ ਕੋਈ ਫ਼ਰਕ ਨਹੀਂ ਪਵੇਗਾ ਅਤੇ 'ਆਪ' ਵਰਕਰਾਂ ਦੇ ਹੌਸਲੇ ਬੁਲੰਦ ਹਨ |
'ਆਪ' ਛੱਡ ਕੇ ਗਏ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ
ਅਜੀਤ ਡੈਸਕ
28-04-2026