ਮਾਛੀਵਾੜਾ ਸਾਹਿਬ, 27 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਸਮਰਾਲਾ ਰੋਡ 'ਤੇ ਸੜਕ ਕਿਨਾਰੇ ਲੱਗੇ ਦਰਖਤ ਵੱਢ ਕੇ ਚੋਰੀ ਕਰਨ ਦੇ ਮਾਮਲੇ ਵਿਚ 7 ਵਿਅਕਤੀਆਂ ਮਲਕੀਤ ਸਿੰਘ, ਛੋਟੂ ਰਾਮ ਤੇ ਸਤਿੰਦਰਪਾਲ ਸਿੰਘ ਵਾਸੀਆਨ ਮਾਛੀਵਾੜਾ ਅਤੇ 4 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਹੌਲਦਾਰ ਹਰਬੰਸ ਸਿੰਘ ਵਲੋਂ ਬਿਆਨ ਦਰਜ ਕੀਤੇ ਕਿ ਉਹ 112 ਨੰਬਰ ਗੱਡੀ 'ਤੇ ਡਿਊਟੀ ਕਰ ਰਿਹਾ ਹੈ ਅਤੇ 25-26 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਸ ਨੰੂ ਫ਼ੋਨ ਆਇਆ ਕਿ ਇੱਕ ਇਮਾਰਤ ਦਾ ਕੰਮ ਚੱਲ ਰਿਹਾ ਹੈ ਅਤੇ ਨਾਲ ਹੀ ਮੇਨ ਰੋਡ 'ਤੇ ਲੱਗੇ ਦਰਖਤ ਪੁੱਟੇ ਜਾ ਰਹੇ ਹਨ ਜਿਸ 'ਤੇ ਉਹ ਤੁਰੰਤ ਮੌਕੇ 'ਤੇ ਪੁੱਜੇ | ਉਨ੍ਹਾਂ ਬਿਆਨ ਕੀਤਾ ਕਿ ਪੁਲਿਸ ਗੱਡੀ ਦੀਆਂ ਲਾਈਟਾਂ ਦੇਖ ਕੇ ਦਰਖਤ ਵੱਢਣ ਵਾਲੇ ਵਿਅਕਤੀ ਹਨੇਰੇ ਦਾ ਫ਼ਾਇਦਾ ਉਠਾ ਫ਼ਰਾਰ ਹੋ ਗਏ | ਮੌਕੇ 'ਤੇ ਜਾ ਕੇ ਦੇਖਿਆ ਤਾਂ 7 ਦਰਖਤ ਕਿਸੇ ਮਸ਼ੀਨ ਨਾਲ ਪੁੱਟੇ ਹੋਏ ਸਨ ਅਤੇ ਟੋਇਆਂ ਵਿਚ ਮਿੱਟੀ ਭਰੀ ਹੋਈ ਸੀ | ਦਰਖਤ ਕੱਟਣ ਵਾਲੀ ਮਸ਼ੀਨਰੀ ਤਾਂ ਮੌਕੇ 'ਤੇ ਮੌਜੂਦ ਨਹੀਂ ਸੀ ਪਰ ਇੱਕ ਟਰੈਕਟਰ-ਟਰਾਲੀ ਖੜਾ ਸੀ, ਜਿਸ ਵਿਚ ਕੱਟੇ ਹੋਏ ਦਰਖਤ ਅਤੇ ਉਨ੍ਹਾਂ ਦੀਆਂ ਟਾਹਣੀਆਂ ਭਰੀਆਂ ਸਨ ਜੋ ਚੋਰੀ ਕਰ ਕੇ ਲਿਜਾਈਆਂ ਜਾ ਰਹੀਆਂ ਸਨ | ਪੁਲਿਸ ਵਲੋਂ ਟਰੈਕਟਰ-ਟਰਾਲੀ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਜਾਂਚ ਦੌਰਾਨ ਪਤਾ ਲੱਗਾ ਕਿ ਉਸਾਰੀ ਵਾਲੀ ਜ਼ਮੀਨ ਦੇ ਮਾਲਕ ਦਾ ਨਾਮ ਸਤਿੰਦਰਪਾਲ ਸਿੰਘ ਹੈ | ਪੁਲਿਸ ਵਲੋਂ ਇਸ ਸਬੰਧੀ ਤਿੰਨ ਵਿਅਕਤੀਆਂ ਦੀ ਪਹਿਚਾਣ ਕਰ ਮਾਮਲਾ ਦਰਜ ਕਰ ਲਿਆ ਹੈ | ਜਦਕਿ ਬਾਕੀ 4 ਅਣਪਛਾਤੇ ਹਨ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |