ਪਾਇਲ, 3 ਮਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਸਕੂਲਾਂ ਦੇ ਡਰਾਪ ਆਊਟ ਘਟਾਉਣ ਵਾਂਗ ਖਿਡਾਰੀਆਂ ਦੀ ਡਰਾਪ ਆਊਟ ਵੀ ਘੱਟ ਕੀਤੀ ਜਾਵੇ ਤਾਂ ਹੀ ਸਾਡੇ ਖਿਡਾਰੀ ਅੰਤਰ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰ ਕੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੇ ਹਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ. ਦਰਪਣ ਆਹਲੂਵਾਲੀਆ ਨੇ ਪਿੰਡ ਦਾਊਮਾਜਰਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਡਾ. ਆਹਲੂਵਾਲੀਆਂ ਨੇ ਕਿਹਾ ਕਿ ਬਚਪਨ 'ਚ ਤਾਂ ਸਾਡੀਆਂ ਲੜਕੀਆਂ ਖੇਡ ਮੈਦਾਨਾਂ ਵਿਚ ਬਹੁਤ ਗਿਣਤੀ ਵਿਚ ਜਾਂਦੇ ਹਨ ਪਰ ਜਦੋਂ ਲੜਕੀਆਂ ਦੀ ਉਮਰ ਵੱਧ ਜਾਂਦੀ ਹੈ ਤਾਂ ਮਾਪੇ ਲੜਕੀਆਂ ਨੂੰ ਖੇਡ ਮੈਦਾਨ ਵਿਚ ਭੇਜਣਾ ਬੰਦ ਕਰ ਦਿੰਦੇ ਹਨ, ਜਿਸ ਨਾਲ ਬਹੁਤ ਖੇਡ ਮੈਦਾਨਾਂ 'ਚ ਡਰਾਪ ਆਊਟ ਵੱਧ ਜਾਂਦਾ ਹੈ ਇਸ ਨੂੰ ਰੋਕਣ ਲਈ ਉਨ੍ਹਾਂ ਮਾਪਿਆ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਸੀਂ ਲੜਕੀਆਂ ਨੂੰ ਖੇਡ ਮੈਦਾਨਾਂ ਵਿਚ ਭੇਜੋ, ਜੇਕਰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਹਰ ਪਿੰਡ 'ਚ ਇਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਸ 'ਚ ਖਿਡਾਰੀਆਂ ਦੇ ਮਾਪਿਆਂ ਨੂੰ ਜ਼ਰੂਰ ਸ਼ਾਮਿਲ ਕੀਤਾ ਜਾਵੇ | ਇਕ ਪ੍ਰਸ਼ਨ ਦੇ ਜਵਾਬ ਵਿਚ ਕਿਹਾ ਕਿ ਜੇਕਰ ਇਤਿਹਾਸ ਤੇ ਨਜ਼ਰ ਮਾਰੀਆਂ ਤਾਂ ਪੰਜਾਬ ਦੇ ਨੌਜਵਾਨਾਂ ਬਹੁਤ ਹੀ ਹਿੰਮਤੀ ਤੇ ਸ਼ਕਤੀ ਵਜੋਂ ਜਾਣੇ ਜਾਂਦੇ ਸਨ ਪਰ ਹੁਣ ਸਾਡੇ ਨੌਜਵਾਨਾਂ ਦੀ ਪੁਲਿਸ, ਫ਼ੌਜ ਤੇ ਪੈਰਾ ਮਿਲਟਰੀ ਫੋਰਸ ਵਿਚ ਗਿਣਤੀ ਘਟਦੀ ਜਾ ਰਹੀ ਹੈ, ਇਸ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਡ ਮੈਦਾਨਾਂ ਵਿਚ ਲਿਆਉਣਾ ਪਵੇਗਾ | ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਬਾਰੇ ਉਨ੍ਹਾਂ ਕਿਹਾ ਪੰਜਾਬ ਖ਼ਾਤਮੇ ਲਈ ਸਾਨੂੰ ਜਨਤਾ ਦਾ ਸਹਿਯੋਗ ਜ਼ਰੂਰੀ ਹੈ ਤਾਂ ਇਸ ਤਿੰਨ ਨੁਕਾਤੀ ਪ੍ਰੋਗਾਮ ਰਾਹੀ ਨਸ਼ੇ ਦੇ ਕੋਹੜ ਨੂੰ ਖ਼ਤਮ ਕੀਤਾ ਜਾ ਸਕਦਾ ਹੈ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ, ਇੰਦਰਰਾਜ ਸਿੰਘ ਸ਼ਾਮਿਲ ਸਨ |