ਅਹਿਮਦਗੜ੍ਹ, 4 ਮਈ (ਰਵਿੰਦਰ ਪੁਰੀ)-ਸ਼ਹਿਰ ਅੰਦਰ ਚਲਦੇ ਸਥਾਨਕ ਸੌਂਦ ਸਿਨਮਾ ਵਿਚ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ | ਜਿਸ ਨੇ ਕੁੱਝ ਮਿੰਟਾਂ 'ਚ ਹੀ ਭਿਆਨਕ ਰੂਪ ਧਾਰਨ ਕਰ ਲਿਆ | ਅੱਗ ਬੁਝਾਉਣ ਲਈ ਲੋਕਾਂ ਨੇ ਸਿਨੇਮਾ ਮਾਲਕਾਂ ਦੇ ਨਾਲ ਮਿਲ ਕੇ ਬਹੁਤ ਯਤਨ ਕੀਤੇ ਤੇ ਨਾਲ ਹੀ ਸਿਟੀ ਐੱਸ. ਐੱਚ. ਓ. ਪੁਸ਼ਪਿੰਦਰ ਸਿੰਘ ਵੀ ਤੁਰੰਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਪੇਪਰ ਮਿਲ ਤੇ ਮਲੇਰਕੋਟਲਾ ਤੋਂ ਫਾਇਰ ਬਿ੍ਗੇਡ ਗੱਡੀਆਂ ਬੁਲਾ ਕੇ ਅੱਗ ਬੁਝਾਉਣ ਦੇ ਬਹੁਤ ਯਤਨ ਕੀਤੇ ਪਰ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ, ਜਿਸ ਨਾਲ ਸਿਨੇਮਾ ਦੀ ਸਾਰੀ ਮਸ਼ੀਨਰੀ ਤੇ ਫ਼ਰਨੀਚਰ ਆਦਿ ਸੜ ਕੇ ਸੁਆਹ ਬਣ ਗਏ | ਦੱਸਿਆ ਗਿਆ ਕਿ ਅੱਗ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਜਿਸ ਸਮੇਂ ਅੱਗ ਲੱਗੀ ਤਾਂ ਉਸ ਤੋਂ ਕੁੱਝ ਸਮਾਂ ਬਾਅਦ ਹੀ ਸਿਨੇਮੇ ਦਾ ਸ਼ੋਅ ਚੱਲਣਾ ਸੀ | ਜੇਕਰ ਚਲਦੇ ਸ਼ੋਅ ਚ ਅੱਗ ਲੱਗ ਜਾਂਦੀ ਤਾਂ ਭਾਰੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ |