ਰਾੜਾ ਸਾਹਿਬ, 4 ਮਈ (ਪ੍ਰੀਤਮ ਸਿੰਘ ਮੁਕੰਦਪੁਰੀ)-ਕਸਬਾ ਕਰਮਸਰ ਰਾੜਾ ਸਾਹਿਬ ਦੇ ਪੱਤਰਕਾਰ ਭਾਈਚਾਰੇ ਤੇ ਸਥਾਨਕ ਸ਼ਖ਼ਸੀਅਤਾਂ ਨੇ ਆਪਣੇ ਸੁਖ਼ਨ ਸੁਨਾਸ ਸਾਥੀ ਤੇ ਨਾਮਵਰ ਕਾਲਮਨਵੀਸ਼ ਬਲਜੀਤ ਸਿੰਘ ਢਿੱਲੋਂ ਦੀਆਂ ਕਹਾਣੀਆਂ ਦੇ ਦੂਜਾ ਸੰਗ੍ਰਹਿ ਮਜਬੂਰੀ ਦੀਆਂ ਜ਼ੰਜੀਰਾਂ ਤੇ ਵਿਚਾਰ ਚਰਚਾ ਕੀਤੀ | ਉਨ੍ਹਾਂ ਇਸ ਦੀਆਂ ਬਹੁਪੱਖੀ ਪਰਤਾਂ ਨੂੰ ਫਰੋਲਦਿਆਂ ਆਮ ਜਨਜੀਵਨ ਨਾਲ ਸਾਰਥਿਕ ਸੰਬੰਧਾਂ ਦਾ ਵਿਸ਼ਲੇਸ਼ਣ ਕੀਤਾ | ਦਿਲਬਾਗ ਸਿੰਘ ਚਾਪੜਾ ਚੇਅਰਮੈਨ ਪੈੱ੍ਰਸ ਕਲੱਬ ਨੇ ਕਿਹਾ ਕਿ ਬਲਜੀਤ ਸਿੰਘ ਢਿੱਲੋਂ ਵਲੋਂ ਪ੍ਰਦੇਸ਼ਾਂ ਦੀ ਧਰਤੀ ਤੇ ਪਰਵਾਸ ਕਰਕੇ ਗਏ ਆਪਣਿਆਂ ਦੇ ਦਰਦਾਂ ਤੇ ਵਹਿੰਦੀਆਂ ਹੰਝੂਆਂ ਦੀਆਂ ਨਦੀਆਂ ਨੂੰ ਆਪਣੇ ਦੂਜੇ ਕਹਾਣੀ ਸੰਗ੍ਰਹਿ ਮਜਬੂਰੀ ਦੀਆਂ ਜ਼ੰਜੀਰਾਂ ਰਾਹੀਂ ਸ਼ਬਦਾਂ 'ਚ ਪਰੋਇਆ ਹੈ ਅਤੇ ਅਤਿ ਸੰਵੇਦਨਸ਼ੀਲ ਮੁੱਦਿਆਂ ਨੂੰ ਰੋਚਕਤਾ ਨਾਲ ਪਾਠਕਾਂ ਅੱਗੇ ਪਰੋਸਿਆ ਹੈ | ਬਲਵਿੰਦਰ ਸਿੰਘ ਮਹਿਮੀ ਨੇ ਕਿਹਾ ਕਿ ਇਸ ਸੰਗ੍ਰਹਿ ਰਾਹੀਂ ਲੇਖਕ ਨੇ ਪ੍ਰਦੇਸਾਂ 'ਚ ਮਸੂਮ ਜਿੰਦੜੀਆਂ ਦੀ ਵਰਣਮਾਲਾ ਨੂੰ ਬਾਖ਼ੂਬੀ ਬਿਆਨਿਆ ਹੈ ਜੋ ਕਿ ਹਰ ਪਾਠਕ ਨੂੰ ਆਪਣੇ ਆਲੇ ਦੁਆਲੇ ਦੀ ਕਹਾਣੀ ਜਾਪਦਾ ਹੈ | ਪ੍ਰੋ. ਇੰਦਰਪਾਲ ਸਿੰਘ ਨੇ ਬੱਚਿਆਂ ਦਾ ਕਿਤਾਬਾਂ ਨਾਲੋਂ ਟੁੱਟਦੇ ਤੇ ਆਧੁਨਿਕ ਸੰਚਾਰ ਸਾਧਨਾਂ ਨਾਲ ਜੁੜਦੇ ਪੱਖਾਂ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਦੇ ਮਾਰੂ ਨਤੀਜਿਆਂ, ਅੰਦਰੂਨੀ ਪਹਿਲੂਆਂ ਨਾਲੋਂ ਟੁੱਟਣ ਅਤੇ ਪਰਿਵਾਰਾਂ ਦੀਆਂ ਹੱਦਾਂ ਅਲੱਗ-ਅਲੱਗ ਹੋਣ ਆਦਿ ਵਿਸ਼ਿਆਂ ਨੂੰ ਛੰੁਹਦਿਆਂ ਹਰ ਮਾਪੇ ਨੂੰ ਭਵਿੱਖ ਦੀਆਂ ਚੁਨੌਤੀਆਂ ਤੋਂ ਜਾਗਰੂਕ ਹੋਣ ਦੀ ਗੰਭੀਰਤਾ ਦੇ ਨਾਲ ਨਾਲ ਨਵੀਂ ਪੀੜ੍ਹੀ ਨੂੰ ਵਿਰਸੇ ਤੇ ਵਿਰਾਸਤ ਦੀ ਸਰਬ-ਸ਼ਰੇਸ਼ਟਤਾ ਦਾ ਅਹਿਸਾਸ ਕਰਵਾਉਣ ਲਈ ਜ਼ੋਰ ਦਿੱਤਾ | ਬਲਜੀਤ ਸਿੰਘ ਜੀਰਖ ਨੇ ਕਿਹਾ ਕਿ ਇਸ ਰਾਹੀਂ ਲੇਖਕ ਨੇ ਬੇਬਾਕੀ ਨਾਲ ਪ੍ਰਦੇਸ਼ ਦੇ ਸੇਕ, ਤਨਾਅ ਤੇ ਅੰਤ੍ਰੀਵੀ ਪੀੜਾ ਨੂੰ ਬਿਆਨਿਆ ਹੈ | ਇਸ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਵੀ ਆਪੋ-ਆਪਣੇ ਵਿਚਾਰਾਂ ਤੋਂ ਪ੍ਰਵਾਸ ਦੇ ਕਾਰਨਾਂ ਦੀ ਡੂੰਘੀ ਵਿਚਾਰ ਚਰਚਾ ਦੌਰਾਨ ਚਿੰਤਾਜਨਕ ਪਹਿਲੂਆਂ ਦਾ ਪੜਚੋਲ ਕੀਤਾ ਅਤੇ ਲੇਖਕ ਨੂੰ ਇਸ ਵਿਲੱਖਣ, ਭਾਵੁਕ ਤੇ ਭਾਵਪੂਰਤ ਉਪਰਾਲੇ ਲਈ ਉਤਸ਼ਾਹਿਤ ਕੀਤਾ | ਇਸ ਸਮੇਂ ਦਿਲਬਾਗ ਸਿੰਘ ਚਾਪੜਾ ਚੇਅਰਮੈਨ ਪੈੱ੍ਰਸ ਕਲੱਬ, ਲੇਖਕ ਬਲਜੀਤ ਸਿੰਘ ਢਿੱਲੋਂ, ਪ੍ਰੀਤਮ ਸਿੰਘ ਮੁਕੰਦਪੁਰੀ, ਪ੍ਰੋ. ਇੰਦਰਪਾਲ ਸਿੰਘ, ਬਲਜੀਤ ਸਿੰਘ ਜੀਰਖ, ਬਲਵਿੰਦਰ ਸਿੰਘ ਮਹਿਮੀ, ਹਰਮੇਲ ਸਿੰਘ ਪੰਧੇਰ, ਚਮਕੌਰ ਸਿੰਘ ਭੁੱਟਾ, ਰਾਜੇਸ਼ ਕੁਮਾਰ ਰਾਜੂ, ਅਸ਼ਵਨੀ ਕੁਮਾਰ ਗਰਗ, ਦਰਸ਼ਨ ਸਿੰਘ ਜੀਰਖ, ਜੁਗਰਾਜ ਸਿੰਘ ਸ਼ੰਕਰ, ਜਗਜੀਤ ਸਿੰਘ ਜੱਗੂ ਅਤੇ ਹੋਰ ਪਤਵੰਤੇ ਸ਼ਾਮਿਲ ਸਨ |