ਖੰਨਾ, 4 ਮਈ (ਹਰਜਿੰਦਰ ਸਿੰਘ ਲਾਲ)-ਕੌਮੀ ਮਜ਼ਦੂਰ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਰੂਪ ਵਿਚ ਸ਼ਰਾਬੀ ਹਾਲਤ ਵਿਚ ਸਦਨ ਵਿਚ ਆਉਣ ਦਾ ਦੋਸ਼ ਲਾਉਂਦੇ ਹੋਏ ਪੰਜਾਬ ਕਾਂਗਰਸ ਵਲੋਂ ਨਿੰਦਾ ਕੀਤੀ ਗਈ | ਮੁੱਖ ਮੰਤਰੀ ਦੇ ਸ਼ਰਾਬੀ ਹਾਲਤ ਵਿਚ ਵਿਧਾਨ ਸਭਾ ਵਿਚ ਆਉਣ ਦੀ ਘਟਨਾ ਦੇ ਵਿਰੋਧ ਵਿਚ ਸਾਬਕਾ ਮੰਤਰੀ ਗੁਰਕੀਰਤ ਸਿੰਘ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਹਲਕਾ ਸਮਰਾਲਾ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਕਾਂਗਰਸੀ ਵਫ਼ਦ ਵਲੋਂ ਰਾਜਪਾਲ ਦੇ ਨਾਂਅ ਐੱਸ. ਡੀ. ਐੱਮ. ਖੰਨਾ ਦੇ ਦਫ਼ਤਰ 'ਚ ਮੰਗ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਗੁਰਕੀਰਤ ਸਿੰਘ ਤੇ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਸੂਬੇ ਵਿਚ ਸੰਵਿਧਾਨ ਅਤੇ ਕਾਨੂੰਨ ਦੇ ਰਖਵਾਲੇ ਹੋਣ ਦੇ ਨਾਤੇ 1 ਮਈ ਮਜ਼ਦੂਰ ਦਿਵਸ ਵਾਲੇ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵਾਪਰੀ ਸ਼ਰਮਨਾਕ ਘਟਨਾ ਵੱਲ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਖੰਨਾ ਦੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ, ਚੇਅਰਮੈਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਕੌਂਸਲਰ ਅਮਰੀਸ਼ ਕਾਲੀਆ, ਕੌਂਸਲਰ ਗੁਰਮੀਤ ਨਾਗਪਾਲ, ਕੌਂਸਲਰ ਰਵਿੰਦਰ ਸਿੰਘ ਬੱਬੂ, ਸਾਬਕਾ ਕੌਂਸਲਰ ਵੇਦ ਪ੍ਰਕਾਸ਼ ਮਿੱਡਾ, ਅਨਿਲ ਸ਼ੁਕਲਾ, ਬਲਜੀਤ ਸਿੰਘ, ਸਤਵਿੰਦਰ ਸਿੰਘ, ਮਨਦੀਪ ਕੁਮਾਰ, ਪਵਨਦੀਪ ਸਿੰਘ, ਵਿਕਾਸ ਬਾਤਿਸ਼, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |