ਮੁੱਲਾਂਪੁਰ-ਦਾਖਾ, 4 ਮਈ (ਨਿਰਮਲ ਸਿੰਘ ਧਾਲੀਵਾਲ)-ਪੱਛਮੀ ਬੰਗਾਲ, ਅਸਾਮ ਸਮੇਤ ਪੇਂਡੁਚੇਰੀ ਰਾਜਾਂ 'ਚ ਭਾਰਤੀ ਜਨਤਾ ਪਾਰਟੀ ਦੀ ਲਾ-ਮਿਸਾਲ ਜਿੱਤ ਭਾਜਪਾ ਦੀਆਂ ਨੀਤੀਆਂ ਦੀ ਜਿੱਤ ਹੈ | ਇਹ ਪ੍ਰਗਟਾਵਾ ਸਾਬਕਾ ਸੰਸਦ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਮਰੀਕ ਸਿੰਘ ਆਲੀਵਾਲ ਭਾਜਪਾ ਦੀ ਜਿੱਤ 'ਤੇ ਵਧਾਈ ਦਿੰਦਿਆਂ ਕੀਤਾ | ਖੱਬਾ ਮੋਰਚਾ ਦੀ ਬੰਗਾਲ ਸਰਕਾਰ ਨੂੰ ਚੱਲਦਾ ਕਰਕੇ ਭਾਜਪਾ ਦੀ ਐੱਨ. ਡੀ. ਏ. ਜੇਤੂ ਬਣੀ, ਹੁਣ ਅਸਾਮ 'ਚ ਵੀ ਤੀਸਰਾ ਕਾਰਜਕਾਲ ਸ਼ੁਰੂ ਕਰੇਗੀ | ਆਲੀਵਾਲ ਨੇ ਕਿਹਾ ਕਿ ਭਾਰਤ ਦੇ ਬਹੁਤਾਦ ਰਾਜਾਂ ਦੀਆਂ ਚੋਣਾਂ ਜਿੱਤਣ 'ਚ ਸਫ਼ਲ ਭਾਰਤੀ ਜਨਤਾ ਪਾਰਟੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਵੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਕੇਂਦਰੀ ਏਜੰਸੀਆਂ ਖਾਸਕਰ ਈ. ਡੀ. ਦੇ ਸਹਾਰੇ ਭਾਜਪਾ ਵਲੋਂ ਚੋਣਾਂ ਜਿੱਤਣ ਵਾਲੀ ਚਰਚਾ 'ਚ ਸਾਬਕਾ ਐੱਮ. ਪੀ. ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤਾਮਿਲਨਾਡੂ ਵਿਚ ਤਸਮੈਕ ਘੁਟਾਲੇ ਨਾਲ ਜੁੜੇ ਲੋਕਾਂ 'ਤੇ ਛਾਪੇਮਾਰੀ ਕੀਤੀ, ਕੇਰਲਾ ਵਿਚ ਸੋਨੇ ਦੀ ਤਸਕਰੀ ਨਾਲ ਜੁੜੇ ਲੋਕਾਂ 'ਤੇ ਕਾਰਵਾਈ 'ਚ ਗਲਤ ਵੀ ਕੀ ਹੈ | ਆਲੀਵਾਲ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ |