ਬੀਜਾ, 4 ਮਈ (ਕਸ਼ਮੀਰਾ ਸਿੰਘ ਬਗ਼ਲੀ)-ਸੁਖਬੀਰ ਸਿੰਘ ਬਾਦਲ ਇੰਟਰਨੈਸ਼ਨਲ ਪੱਧਰ 'ਤੇ ਪੜ੍ਹੇ ਲਿਖੇ, ਅਗਾਂਹਵਧੂ ਸੋਚ ਦੇ ਮਾਲਕ ਜਿਸ ਨੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਲਈ ਪਿਛਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਪਣੇ ਪਿਤਾ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਦੇ ਕਾਰਜ ਕਾਲ ਦੌਰਾਨ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਨਾਲ ਵੱਡੇ-ਵੱਡੇ ਪ੍ਰਾਜੈਕਟ ਤੇ ਸੂਬੇ ਅੰਦਰ ਪੁੱਲ ਤੇ ਹੋ ਉਸਾਰੂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਲਈ ਬਹੁਤ ਵੱਡਾ ਹੰਭਲਾ ਮਾਰਿਆ ਸੀ | ਆਪ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਅੱਜ ਹਰ ਵਰਗ ਦੁਖੀ ਹੋਇਆ ਪਿਆ ਹੈ | ਸੂਬਾ ਕੰਗਾਲੀ ਦੇ ਕੰਢੇ 'ਤੇ ਖੜ੍ਹਾ ਹੋ ਗਿਆ ਹੈ | ਸੂਬੇ ਅੰਦਰ ਕਾਨੂੰਨ ਨਾ ਦੀ ਕੋਈ ਚੀਜ਼ ਦਿਖਾਈ ਨਹੀਂ ਦਿੰਦੀ | ਸੂਬੇ ਨੂੰ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਦੀ ਬਹੁਤ ਹੀ ਲੋੜ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਟਕਸਾਲੀ ਆਗੂ ਤੇ ਸਮਾਜ ਸੇਵੀ ਹਰਮਿੰਦਰ ਸਿੰਘ ਮੰਡੇਰ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਇਕ ਮੁਲਾਕਾਤ ਦੌਰਾਨ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ, ਜਿਸ ਅੰਦਰ ਸੂਬੇ ਦਾ ਦਰਦ ਛੁਪਿਆ ਹੋਇਆ ਹੈ | 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਬਹੁਮਤ ਨਾਲ ਵਾਪਸੀ ਕਰਵਾਉਣ ਲਈ ਸੂਬੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ | ਇਸ ਮੌਕੇ ਚਰਨਜੀਤ ਸਿੰਘ ਚੰਨੀ ਪਾਇਲ, ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲੇ ਮੰਜੀ ਸਾਹਿਬ ਕੋਟਾਂ, ਗੁਰਮੁੱਖ ਸਿੰਘ ਰਾਏਪੁਰ,ਪ੍ਰਭਜੋਤ ਸਿੰਘ ਗਰਚਾ, ਗੁਰਵੀਰ ਸਿੰਘ ਜੱਲ੍ਹਾ, ਜਸ਼ਨਦੀਪ ਸਿੰਘ, ਤਾਰਾ ਸਿੰਘ, ਇੰਦਰ ਸਿੰਘ, ਗੁਰਬਖਸ਼ ਸਿੰਘ ਮਠਾੜੂ, ਸੁੱਖਾ ਬੰਬ, ਸੁਖਵਿੰਦਰ ਸਿੰਘ ਸੁੱਖਾ ਕੋਟ, ਬਲਵਿੰਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਸਿਆਣ ਕੋਟ, ਗੁਰਮੇਲ ਸਿੰਘ ਸਿਆਣ ਨੰਬਰਦਾਰ ਆਦਿ ਨੇ ਕੇਂਦਰ ਸਰਕਾਰ ਵਲੋਂ ਵਪਾਰਕ ਸਿਲੰਡਰਾਂ ਦੀ ਕੀਮਤ ਵਿਚ ਭਾਰੀ ਵਾਧਾ ਕਰਨ ਦੀ ਸਖ਼ਤ ਨਿੰਦਾ ਕੀਤੀ |