ਸਾਹਨੇਵਾਲ, 23 ਮਈ (ਹਨੀ ਚਾਠਲੀ)-ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਪਹਿਲਾਂ ਹੀ ਅਧਿਆਪਕਾਂ ਤੋਂ ਅੱਤ ਦੀ ਗਰਮੀ ਦੇ ਵਿਚ ਵੱਡੀ ਪੱਧਰ 'ਤੇ ਜਨਗਣਨਾ ਡਿਊਟੀ ਕਰਵਾਈ ਜਾ ਰਹੀ ਹੈ ਇਸ ਦੇ ਨਾਲ ਹੀ ਜਨਗਣਨਾ ਕਰ ਰਹੇ ਅਧਿਆਪਕਾਂ ਦੀ ਜਬਰੀ ਡਿਊਟੀ ਡਰੱਗ ਸਰਵੇ 'ਤੇ ਲਗਾਈ ਗਈ, ਜਿਸ ਕਾਰਨ ਅਧਿਆਪਕਾਂ ਨੂੰ ਡਬਲ ਡਿਊਟੀ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਅਤੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਦੋਰਾਹਾ ਨੇ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਜ਼ਿਕਰਯੋਗ ਹੈ ਕਿ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਇਸ ਸਰਵੇ 'ਤੇ ਲਗਾਈ ਗਈ ਹੈ ਉਹ ਅਧਿਆਪਕ ਪਹਿਲਾਂ ਹੀ ਜਨਗਣਨਾ ਡਿਊਟੀ, ਇਲੈੱਕਸ਼ਨ ਡਿਊਟੀ, ਐੱਸ. ਆਈ. ਆਰ. ਡਿਊਟੀ ਅਤੇ ਹੈਲਥ ਕਾਰਡ ਬਣਾਉਣ ਸਮੇਤ ਹੋਰ ਅਨੇਕਾਂ ਗੈਰ ਵਿੱਦਿਅਕ ਕਾਰਜਾਂ 'ਤੇ ਆਪਣੀ ਡਿਊਟੀ ਕਰ ਰਹੇ ਹਨ | ਜਦੋਂ ਇਨ੍ਹਾਂ ਅਧਿਆਪਕਾਂ ਵਲੋਂ ਆਪਣਾ ਪੱਖ ਰੱਖਿਆ ਗਿਆ ਤਾਂ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਜਬਰੀ ਡਰੱਗ ਅਤੇ ਸੋਸ਼ਲ ਇਕਨਾਮਿਕ ਸਰਵੇ ਲਈ ਡਿਊਟੀ ਕਰਨ ਲਈ ਕਿਹਾ ਗਿਆ ਜਿਸ ਦੇ ਰੋਸ ਵਜੋਂ ਅਧਿਆਪਕਾਂ ਵਲੋਂ ਮੌਕੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਜਬਰੀ ਅਤੇ ਡਬਲ ਡਿਊਟੀ ਲਈ ਮਜਬੂਰ ਕੀਤਾ ਗਿਆ ਤਾਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ |