ਰਾਏਕੋਟ, 28 ਮਈ (ਬਲਵਿੰਦਰ ਸਿੰਘ ਲਿੱਤਰ)-ਲਾਵਾਰਸ ਕੁੱਤਿਆਂ ਵਲੋਂ ਭੇਡਾਂ-ਬੱਕਰੀਆਂ ਦੇ ਵਾੜੇ 'ਚ ਦਾਖ਼ਲ ਹੋ ਕੇ 4 ਦਰਜ਼ਨ ਦੇ ਕਰੀਬ ਬੱਕਰੀਆਂ ਨੂੰ ਮਾਰ-ਮੁਕਾਉਣ ਦਾ ਸਮਾਚਾਰ ਹੈ | ਇਸ ਮੌਕੇ ਰਾਜੂ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਆਂਡਲੂ ਨੇ ਦੱਸਿਆ ਕਿ ਉਹ ਪਿੰਡ ਲਿੱਤਰਾਂ ਵਿਖੇ ਡਰੇਨ ਦੇ ਪੁਲ ਨੇੜੇ ਭੇਡਾਂ-ਬੱਕਰੀਆਂ ਪਾਲਣ ਦਾ ਧੰਦਾ ਕਰਦੇ ਹਨ, ਜਿੱਥੇ ਉਨ੍ਹਾਂ ਵਲੋਂ ਵੱਡੀ ਗਿਣਤੀ 'ਚ ਭੇਡਾਂ-ਬੱਕਰੀਆਂ ਪਾਲੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ 27 ਮਈ ਨੂੰ ਸਵੇਰੇ 11 ਵਜੇ ਦੇ ਕਰੀਬ ਉਹ ਭੇਡਾਂ-ਬੱਕਰੀਆਂ ਦੇ ਇੱਜੜ ਨੂੰ ਚਾਰਨ ਵਾਸਤੇ ਲੈ ਗਏ ਅਤੇ ਕੁਝ ਬੱਕਰੀਆਂ ਨੂੰ ਵਾੜੇ ਵਿਚ ਹੀ ਛੱਡ ਗਏ ਸਨ | ਉਨ੍ਹਾਂ ਦੱਸਿਆ ਕਿ ਵਾੜੇ ਵਿਚ ਜਾਨਵਰਾਂ ਦੀ ਦੇਖਭਾਲ ਲਈ ਹਰ ਸਮੇਂ ਇਕ ਬੰਦਾ ਨਿਗਰਾਨੀ ਲਈ ਹਾਜ਼ਰ ਰਹਿੰਦਾ ਹੈ, ਜਦਕਿ ਬਕਰੀਦ ਦੇ ਦਿਨ ਹੋਣ ਕਰਕੇ ਨਿਗਰਾਨੀ ਕਰਨ ਵਾਲਾ ਮਲੇਰਕੋਟਲਾ ਰਿਸ਼ਤੇਦਾਰੀ 'ਚ ਗਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਜਦੋਂ ਉਨ੍ਹਾਂ ਵਾੜੇ ਵਿਚ ਆ ਕੇ ਦੇਖਿਆ ਤਾਂ 7-8 ਲਾਵਾਰਸ ਕੁੱਤੇ ਵਾੜੇ ਵਿਚ ਮੌਜੂਦ ਸਨ, ਜਿਨ੍ਹਾਂ ਵਲੋਂ ਵਾੜੇ ਵਿਚ ਮੌਜੂਦ ਬੱਕਰੀਆਂ ਨੂੰ ਮਾਰ-ਮੁਕਾ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਲਾਵਾਰਸ ਕੁੱਤਿਆਂ ਵਲੋਂ ਉਨ੍ਹਾਂ ਦੀਆਂ ਕਰੀਬ 48-49 ਬੱਕਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਨੁਕਸਾਨ ਕਰ ਦਿੱਤਾ ਹੈ, ਜਿੰਨ੍ਹਾਂ ਨੂੰ ਪਿੰਡ ਆਂਡਲੂ ਦੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਪਿੰਡ ਬੁਰਜ ਹਕੀਮਾਂ ਦੇ ਸਰਪੰਚ ਸਰਬਜੀਤ ਸਿੰਘ ਦੀ ਹਾਜ਼ਰੀ ਵਿਚ ਇੱਕ ਡੂੰਘੇ ਟੋਏ 'ਚ ਦੱਬ ਦਿੱਤਾ ਗਿਆ, ਜਦਕਿ ਬਾਕੀ ਜ਼ਖ਼ਮੀ ਬੱਕਰੀਆਂ ਤੇ ਛੋਟੇ ਜਾਨਵਰਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ | ਜਿਸ ਕਰਕੇ ਉਨ੍ਹਾਂ ਦਾ ਕਰੀਬ 8-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਰਾਏਕੋਟ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੋਏ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ, ਜਿਸ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ |