ਮਲੌਦ, 30 ਮਈ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਚ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ ਅਮਰੀਕਾ ਤੋਂ ਵਤਨ ਵਾਪਸੀ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ | ਭਾਈ ਗੁਰਦੀਪ ਸਿੰਘ ਤੇ ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਚਾਰ ਮਹੀਨੇ ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਉਪਰੰਤ ਅੱਜ 31 ਮਈ ਨੂੰ ਸਵੇਰੇ ਅੱਠ ਵਜੇ ਮਹਾਂਪੁਰਖ ਢੱਕੀ ਸਾਹਿਬ ਵਿਖੇ ਪੁੱਜਣਗੇ | ਜਿੱਥੇ ਸਮੁੱਚੇ ਤਪੋਬਣ ਨਿਵਾਸੀ ਅਤੇ ਸੰਤ ਖ਼ਾਲਸਾ ਨੂੰ ਪਿਆਰ ਕਰਨ ਵਾਲੀ ਸੰਗਤ ਉਨ੍ਹਾਂ ਦੀ ਆਮਦ ਦੀ ਖੁਸ਼ੀ ਅਤੇ ਸਵਾਗਤ ਕਰਨ ਲਈ ਤਿਆਰੀਆਂ ਵਿਚ ਲੱਗੀ ਹੋਈ ਹੈ | ਪਿਛਲੇ ਕਈ ਦਿਨ ਤੋਂ ਅੱਤ ਦੀ ਗਰਮੀ ਹੋਣ ਕਾਰਨ ਉਨ੍ਹਾਂ ਦੇ ਆਉਣ ਦਾ ਸਮਾਂ ਵੀ ਸਵੇਰ 8 ਵਜੇ ਦਾ ਹੀ ਰੱਖਿਆ ਗਿਆ ਸੀ | ਪਰ ਅੱਜ ਮੌਸਮ ਵਿਚ ਇੱਕ ਦਮ ਤਬਦੀਲੀ ਅਤੇ ਮੀਂਹ ਪੈਣ ਕਾਰਨ ਜੋ ਹਨੇਰੀ ਅਤੇ ਧੂੜ ਉੱਡ ਰਹੀ ਸੀ ਉਹ ਵੀ ਸ਼ਾਂਤ ਹੋ ਗਈ | ਜ਼ਿਕਰਯੋਗ ਹੈ ਕਿ ਅਮਰੀਕਾ ਪ੍ਰਚਾਰ ਦੌਰੇ 'ਤੇ ਜਾਣ ਸਮੇਂ ਸੰਤਾਂ ਵਲੋਂ ਸਮੁੱਚੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਸਿਮਰਨ ਸਾਧਨਾਂ ਅਤੇ ਪਾਠ ਕਰਨ ਦੀ ਪ੍ਰੇਰਨਾ ਕੀਤੀ ਗਈ ਸੀ | ਜਿਸ ਨੂੰ ਸੰਗਤਾਂ ਨੇ ਪੂਰੀ ਤਨਦੇਹੀ ਨਾਲ ਨਿਭਾਇਆ ਅਤੇ ਜਥੇ ਵਲੋਂ 15 ਮਈ ਤੋਂ 17 ਮਈ ਤੱਕ 29ਵੇਂ ਵਿਸ਼ਵ ਸ਼ਾਂਤੀ ਦਿਵਸ ਨੂੰ ਵੀ ਮਹਾਪੁਰਖਾਂ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਪੂਰੀ ਸਰਧਾ ਭਾਵਨਾ ਨਾਲ ਮਨਾਇਆ ਗਿਆ | ਸੰਤਾਂ ਦੀ ਆਮਦ ਨਾਲ ਹੁਣ ਤਪੋਬਣ ਵਿਚ ਵੱਡੀ ਪੱਧਰ 'ਤੇ ਸੰਗਤਾਂ ਦੀ ਆਮਦ ਸ਼ੁਰੂ ਹੋ ਜਾਵੇਗੀ ਅਤੇ ਗੁਰਮਤਿ ਸਮਾਗਮਾਂ ਦੀ ਚੱਲ ਰਹੀ ਲੜੀ ਵੀ ਤੇਜ ਹੋ ਜਾਵੇਗੀ |