ਮਲੌਦ, 30 ਮਈ (ਸਹਾਰਨ ਮਾਜਰਾ)-ਨਿਰਮਲ ਡੇਰਾ ਬੇਰ ਕਲਾਂ ਅਤੇ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ (ਉੱਤਰਾਖੰਡ) ਦੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਕਾਰ ਸੇਵਾ ਵਾਲੇ ਅਤੇ ਸੰਤ ਬਾਬਾ ਸੁਖਦੇਵ ਸਿੰਘ ਬੇਰ ਕਲਾਂ ਲੰਗਰਾਂ ਵਾਲਿਆਂ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁੱਝ ਲੋਕ ਐਵੇਂ ਅਫ਼ਵਾਹਾਂ ਫੈਲਾ ਰਹੇ ਹਨ ਕਿ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਰਸਤੇ ਵਿੱਚ ਡੀਜ਼ਲ ਪੈਟਰੋਲ ਦੀ ਕਮੀ ਪਾਈ ਜਾਂਦੀ ਹੈ | ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੈ | ਹਰੇਕ ਪੈਟਰੋਲ ਪੰਪ ਤੋਂ ਡੀਜ਼ਲ ਪੈਟਰੋਲ ਮਿਲ ਰਿਹਾ ਹੈ | ਰੋਜ਼ਾਨਾ ਸੈਂਕੜੇ ਸੰਗਤਾਂ ਦਰਸ਼ਨ ਕਰਨ ਲਈ ਜਾ ਰਹੀਆਂ ਹਨ | ਉਨ੍ਹਾਂ ਅੱਗੇ ਦੱਸਿਆ ਕਿ ਨਿਰਮਲ ਡੇਰਾ ਬੇਰ ਕਲਾਂ ਵਲੋਂ ਸੰਗਤਾਂ ਲਈ ਰਸਤੇ ਸੁਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਵਿਖੇ ਪਿਛਲੇ 28 ਸਾਲਾਂ ਤੋਂ ਲਗਾਤਾਰ ਲੰਗਰ, ਰਿਹਾਇਸ਼, ਦਵਾਈਆਂ ਆਦਿ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਸਾਲ ਦੀਆਂ ਸੇਵਾਵਾਂ ਅਰੰਭ ਹੋ ਚੁੱਕੀਆਂ ਹਨ | ਯਾਤਰਾ ਵਧੀਆ ਢੰਗ ਨਾਲ ਚੱਲ ਰਹੀ ਹੈ | ਕੋਈ ਵੀ ਰੁਕਾਵਟ ਨਹੀਂ ਹੈ | ਡੀਜ਼ਲ, ਪੈਟਰੋਲ ਪੂਰਾ ਮਿਲ ਰਿਹਾ ਹੈ, ਐਵੇਂ ਇਨ੍ਹਾਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ | ਸੰਗਤਾਂ ਰੋਜ਼ਾਨਾ ਸੈਂਕੜੇ ਕਾਰਾਂ, ਬੱਸਾਂ, ਟਰੱਕ ਤੇ ਮੋਟਰਸਾਈਕਲਾਂ ਰਾਹੀਂ ਦਰਸ਼ਨਾਂ ਲਈ ਆ ਜਾ ਰਹੀਆਂ ਹਨ | ਇੱਕ ਦਿਨ ਵੀ ਯਾਤਰਾ ਨਹੀਂ ਰੁਕੀ ਹੈ | ਨਿਰਵਿਘਨ ਚੱਲ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਓਹੀ ਲੋਕ ਨੇ ਜਿਹੜੇ ਹਰ ਸਾਲ ਬਾਰਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਫ਼ਵਾਹਾਂ ਫੈਲਾਉਣ ਲੱਗ ਜਾਂਦੇ ਹਨ ਕਿ ਫਲੱਡ ਆ ਗਿਆ, ਪੁਲ ਟੁੱਟ ਗਿਆ, ਹੁਣ ਤੇਲ ਨਹੀਂ ਮਿਲਦਾ ਆਦਿ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ | ਪਰ ਦੂਰ ਬੈਠੀਆਂ ਸੰਗਤਾਂ ਡਰ ਜਾਂਦੀਆਂ ਹਨ ਤੇ ਯਾਤਰਾ ਘਟ ਜਾਂਦੀ ਹੈ | ਇਹ ਲੋਕ ਸੰਗਤ ਨੂੰ ਸ਼੍ਰੀ ਹੇਮਕੁੰਟ ਸਾਹਿਬ ਨਾਲੋਂ ਤੋੜਨਾ ਚਾਹੁੰਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਨਾਲ 24 ਘੰਟੇ ਸੰਪਰਕ ਕਰ ਸਕਦੇ ਹਨ ਹਰ ਪੱਖੋਂ ਸਹਿਯੋਗ ਕੀਤਾ ਜਾਵੇਗਾ |