ਲੁਧਿਆਣਾ, 7 ਜੂਨ (ਭੁਪਿੰਦਰ ਸਿੰਘ ਬੈਂਸ)-ਪੱਖੋਵਾਲ ਰੋਡ ਸਥਿਤ ਨਗਰ ਨਿਗਮ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇੰਡੋਰ ਸਟੇਡੀਅਮ ਅੱਜ ਆਪਣੀ ਮਾੜੀ ਹਾਲਤ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਖਿਡਾਰੀਆਂ ਨੂੰ ਆਧੁਨਿਕ ਅਤੇ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਇਹ ਵਿਸ਼ਾਲ ਇਮਾਰਤ ਆਪਣੇ ਅਸਲ ਮਕਸਦ ਤੋਂ ਭਟਕਦੀ ਨਜ਼ਰ ਆ ਰਹੀ ਹੈ | ਸਟੇਡੀਅਮ ਦੇ ਅੰਦਰ ਅਤੇ ਆਲੇ ਦੁਆਲੇ ਖਿਡਾਰੀਆਂ ਦੀਆਂ ਗਤੀਵਿਧੀਆਂ ਦੀ ਬਜਾਏ ਟਿੱਪਰ, ਰੋਡ ਰੋਲਰ ਅਤੇ ਜ਼ਬਤ ਕੀਤੀਆਂ ਰੇਹੜੀਆਂ ਖੜ੍ਹੀਆਂ ਦੇਖੀਆਂ ਜਾ ਸਕਦੀਆਂ ਹਨ | ਹਾਲਾਤ ਇਹ ਹਨ ਕਿ ਖੇਡ ਕੇਂਦਰ ਵਜੋਂ ਬਣਾਈ ਗਈ ਇਹ ਜਗ੍ਹਾ ਹੁਣ ਵਾਹਨਾਂ ਅਤੇ ਹੋਰ ਸਾਮਾਨ ਤੇ ਅਸਥਾਈ ਭੰਡਾਰ ਵਜੋਂ ਭਰਤੀ ਜਾ ਰਹੀ ਹੈ | ਇਸ ਕਾਰਨ ਸਟੇਡੀਅਮ ਦੀ ਪਛਾਣ ਅਤੇ ਉਦੇਸ਼ ਦੋਵੇਂ ਹੀ ਪ੍ਰਭਾਵਿਤ ਹੋ ਰਹੇ ਹਨ | ਇਸ ਤੋਂ ਇਲਾਵਾ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਸਟੇਡੀਅਮ ਦੇ ਕੁੱਝ ਗੇਟਾਂ ਦੇ ਬਾਹਰ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ | ਖੜ੍ਹੇ ਪਾਣੀ ਵਿਚ ਮੱਛਰਾਂ ਦੀ ਭਰਮਾਰ ਅਤੇ ਲਾਰਵਾ ਵੀ ਦੇਖਿਆ ਜਾ ਸਕਦਾ ਹੈ, ਜੋ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਖਤਰਾ ਵਧਾ ਸਕਦਾ ਹੈ | ਮਾਨਸੂਨ ਦੇ ਮੌਸਮ ਨੰੂ ਦੇਖਦੇ ਹੋਏ ਇਹ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ | ਅਫ਼ਸੋਸ ਦੀ ਗੱਲ ਹੈ ਕਿ ਸਿਹਤ ਵਿਭਾਗ ਲੋਕਾਂ ਨੰੂ ਆਪਣੇ ਘਰਾਂ, ਕੂਲਰਾਂ ਅਤੇ ਹੋਰ ਥਾਵਾਂ 'ਤੇ ਪਾਣੀ ਖੜ੍ਹਾ ਨਾ ਹੋਣ ਦੇਣ ਲਈ ਲਗਾਤਾਰ ਜਾਗਰੂਕ ਕਰ ਰਿਹਾ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕਰਦਾ ਹੈ, ਪਰ ਨਗਰ ਨਿਗਮ ਦੀ ਆਪਣੀ ਜਾਇਦਾਦ ਵਿਚ ਹੀ ਅਜਿਹੇ ਹਾਲਾਤ ਨਜ਼ਰ ਆਉਣ ਨਾਲ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣੀਆਂ ਅਜਿਹੀਆਂ ਕੀਮਤੀ ਖੇਡ ਸਹੂਲਤਾਂ ਦੀ ਸੰਭਾਲ ਅਤੇ ਸਹੀ ਵਰਤੋ ਯਕੀਨੀ ਬਣਾਈ ਜਾਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇੰਡੋਰ ਸਟੇਡੀਅਮ ਨੰੂ ਉਸ ਦੇ ਅਸਲ ਮਕਸਦ ਲਈ ਵਰਤਿਆ ਜਾਵੇ | ਸਫ਼ਾਈ ਅਤੇ ਨਿਕਾਸੀ ਪ੍ਰਬੰਧਾਂ ਵਿਚ ਸੁਧਾਰ ਕੀਤਾ ਜਾਵੇ ਅਤੇ ਇਸ ਮਾੜੀ ਹਾਲਤ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ | ਸਵਾਲ ਇਹ ਹੈ ਕਿ ਜਦੋਂ ਆਮ ਨਾਗਰਿਕਾਂ ਤੋਂ ਨਿਯਮਾਂ ਦੀ ਪਾਲਨਾ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਸਰਕਾਰੀ ਅਦਾਰਿਆਂ ਵਿਚ ਨਜ਼ਰ ਆ ਰਹੀਆਂ ਅਜਿਹੀਆਂ ਕਮੀਆਂ ਲਈ ਜ਼ਿੰਮੇਵਾਰ ਕੌਣ ਹੈ ਅਤੇ ਇਨ੍ਹਾਂ ਨੰੂ ਦੂਰ ਕਰਨ ਲਈ ਠੋਸ ਕਦਮ ਕਦੋਂ ਚੁੱਕੇ ਜਾਣਗੇ |