ਅਹਿਮਦਗੜ੍ਹ, 8 ਜੂਨ (ਰਵਿੰਦਰ ਪੁਰੀ)-ਅਹਿਮਦਗੜ੍ਹ ਨੇੜਲੇ ਪੰਜ ਪਿੰਡਾਂ ਦੇ ਲੋਕ ਜੋ ਨਹਿਰੀ ਪਾਣੀ ਲਈ ਬਹੁਤ ਲੰਬੇ ਸਮੇਂ ਤੋਂ ਤਰਸਦੇ ਅਤੇ ਸਰਕਾਰਾਂ ਦੇ ਝੂਠੇ ਲਾਰੇ ਤੇ ਵਾਅਦਿਆਂ ਤੋਂ ਪਰੇਸ਼ਾਨ ਕਿਸਾਨਾਂ ਨੂੰ ਅੱਜ ਵੱਡੀ ਸੌਗਾਤ ਮਿਲੀ | ਜਦੋਂ ਜਲ ਸਰੋਤ ਤੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਪਿੰਡ ਦਹਿਲੀਜ਼ ਵਿਖੇ 6 ਕਰੋੜ 17 ਲੱਖ ਰੁਪਏ ਦੀ ਲਾਗਤ ਵਾਲੀ ਨਹਿਰੀ ਪਾਣੀ ਯੋਜਨਾ ਦੀ ਸ਼ੁਰੂਆਤ ਕੀਤੀ | ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਕਿਸਾਨਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਇਸ ਕਾਰਜ ਦਾ ਸਵਾਗਤ ਕੀਤਾ | ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇਕਰ ਕਿਸੇ ਸਰਕਾਰ ਨੇ ਪੰਜਾਬ ਅੰਦਰ ਨਹਿਰੀ ਪਾਣੀ ਦੀ ਸਪਲਾਈ ਲਈ ਕੋਈ ਠੋਸ ਕੰਮ ਕੀਤਾ ਹੈ ਤਾਂ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਮੌਜੂਦਾ ਪੰਜਾਬ ਸਰਕਾਰ ਹੈ, ਜੋ ਸੂਬੇ ਵਿਚ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਪਹਿਲੀ ਸਰਕਾਰ ਸਾਬਤ ਹੋਈ ਹੈ, ਜਿਸ ਨੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਬਹੁਤ ਵੱਡੇ ਕਾਰਜ ਕੀਤੇ ਹਨ | ਉਨ੍ਹਾਂ ਕਿਹਾ ਕਿ ਇਸ ਦੇ ਸ਼ਾਨਦਾਰ ਨਤੀਜੇ ਹੁਣ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਦਾ ਪੱਧਰ ਉੱਚਾ ਹੋਇਆ ਹੈ | ਇਸ ਮੌਕੇ ਉਨ੍ਹਾਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਦੀਆਂ ਤਾਰੀਫ਼ਾਂ ਦੇ ਪੁਲ ਬਣਦਿਆਂ ਕਿਹਾ ਕਿ ਜੋ ਇਮਾਨਦਾਰੀ ਤੇ ਮਿਹਨਤ ਨਾਲ ਹਲਕੇ ਦੇ ਵਿਕਾਸ ਕਾਰਜ ਵਿਧਾਇਕ ਗੱਜਣ ਮਾਜਰਾ ਨੇ ਕਰਵਾਏ ਹਨ, ਉਹ ਸਾਰੇ ਪੰਜਾਬ ਅੰਦਰ ਇੱਕ ਸ਼ਾਨਦਾਰ ਉਦਾਹਰਨ ਬਣ ਗਏ ਹਨ | ਇਸ ਮੌਕੇ 'ਤੇ ਵਿਧਾਇਕ ਪ੍ਰੋ. ਗੱਜਣ ਮਾਜਰਾ ਨੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਕਰ ਕੇ ਕੈਬਨਿਟ ਮੰਤਰੀ ਦਾ ਇਸ ਸ਼ੁੱਭ ਕਾਰਜ ਪ੍ਰਤੀ ਧੰਨਵਾਦ ਕੀਤਾ ਤੇ ਪਿੰਡ ਦਹਲੀਜ ਖ਼ੁਰਦ, ਮਹੇਰਨਾ, ਕੰਗਣਵਾਲ ਤੇ ਰਸੂਲਪੁਰ ਦੇ ਕਿਸਾਨਾਂ ਲਈ ਨਹਿਰ ਦੀ ਪਾਣੀ ਦੀ ਸੁਗਾਤ ਪ੍ਰਦਾਨ ਕਰਵਾਏ ਜਾਣ 'ਤੇ ਕਿਸਾਨਾਂ ਨੂੰ ਮਿਲੀ ਵੱਡੀ ਸੌਗਾਤ ਤੇ ਖ਼ੁਸ਼ੀ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਸਮੂਹ ਪਿੰਡਾਂ ਦੇ ਕਿਸਾਨਾਂ ਵਲੋਂ ਕੈਬਨਿਟ ਮੰਤਰੀ ਅਤੇ ਵਿਧਾਇਕ ਗੱਜਣ ਮਾਜਰਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਵਿਸ਼ੇਸ਼ ਕਰ ਕੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਹਾਸ਼ਿਮ ਸ਼ੂਫੀ, ਹਾਜੀ ਸ਼ਮਸ਼ਾਦ, ਸਰਪੰਚ ਰਵਿੰਦਰ ਸਿੰਘ ਦਹਿਲੀਜ਼, ਸਰਪੰਚ ਜਗਦੀਪ ਸਿੰਘ ਮਹੇਰਨਾ, ਸਰਪੰਚ ਸੁਦਾਗਰ ਸਿੰਘ ਰਸੂਲਪੁਰ, ਸੋਨੀ ਸਰਪੰਚ ਕੰਗਣਵਾਲ, ਪਿੰਦਰ ਮਹੇਰਨਾ, ਜਸਵਿੰਦਰ ਸਿੰਘ ਮਹੇਰਨਾ, ਭੁਪਿੰਦਰ ਸਿੰਘ ਧਾਲੀਵਾਲ ਕੰਗਣਵਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਯੁਗਰਾਜ ਸਿੰਘ ਮਹੇਰਨਾ, ਨਛੱਤਰ ਸਿੰਘ ਦਹਿਲੀਜ਼, ਸਾਬਕਾ ਸਰਪੰਚ ਅਜਮਲ ਖਾਂ, ਨੰਬਰਦਾਰ ਅਲਿਆਸ ਦਹਿਲੀਜ਼, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਵਿੱਕੀ ਸ਼ਰਮਾ, ਰਵਿੰਦਰ ਪੁਰੀ, ਜਤਿੰਦਰ ਭੋਲਾ, ਕੌਂਸਲਰ ਸੰਜੇ ਸੂਦ, ਪ੍ਰਧਾਨ ਮਨਿੰਦਰਪਾਲ ਸਿੰਘ, ਕੌਂਸਲਰ ਬਿੱਲੂ ਮਾਜਰੀ, ਪ੍ਰਧਾਨ ਮਨੋਜ ਪੰਡਿਤ, ਬਲਦੇਵ ਮਲੌਦੀਏ ਆਦਿ ਵਿਸ਼ੇਸ਼ ਕਰ ਕੇ ਹਾਜਰ ਸਨ |