ਮਾਛੀਵਾੜਾ ਸਾਹਿਬ, 8 ਜੂਨ (ਮਨੋਜ ਕੁਮਾਰ)-ਕੇਂਦਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਹੁਣ ਮਿਲਣ ਵਾਲੀ ਹਰ ਸਰਕਾਰੀ ਸੁਵਿਧਾ ਨੂੰ ਸਿੱਧੇ ਰੂਪ ਵਿਚ ਕਿਸਾਨਾਂ ਦੇ ਖਾਤੇ ਵਿਚ ਦੇਣ ਲਈ ਇਕ ਵੱਡੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਉਸ ਹਰ ਕਿਸਾਨ ਦਾ ਸਮਾਰਟ ਕਾਰਡ ਬਣਾਇਆ ਜਾ ਰਿਹਾ ਹੈ ਜੋ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਤੇ ਜ਼ਮੀਨ ਦੀ ਮਾਲਕੀ ਰੱਖਦਾ ਹੈ | ਇਸ ਵਿਚ ਭਾਵੇਂ ਉਸ ਕੋਲ ਇਕ ਕਨਾਲ ਹੀ ਖੇਤੀ ਯੋਗ ਜ਼ਮੀਨ ਕਿਉਂ ਨਾ ਹੋਵੇ, ਉਹ ਸਮਾਰਟ ਕਾਰਡ ਬਣਾਉਣ ਦਾ ਹੱਕਦਾਰ ਹੈ, ਜਿਸ ਲਈ ਬਕਾਇਦਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਨ੍ਹਾਂ ਕਾਰਡਾਂ ਨੂੰ ਬਣਾਉਣ ਲਈ ਆਪਣੀ ਡਿਊਟੀ ਨਿਭਾ ਰਹੇ ਹਨ | ਇਸ ਬਾਰੇ ਗੱਲਬਾਤ ਕਰਦਿਆਂ ਵਿਭਾਗ ਦੇ ਅਧਿਕਾਰੀ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਇਹ ਸਮਾਰਟ ਕਾਰਡ ਬਣਾਉਣ ਦੇ ਫਾਰਮ ਮਈ ਮਹੀਨੇ ਤੋਂ ਭਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਬਲਾਕ ਮਾਛੀਵਾੜਾ ਦੇ ਕਈ ਪਿੰਡਾਂ ਵਿਚ ਇਹ ਪ੍ਰਕਿਰਿਆ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਦੀ ਇਸ ਸੁਵਿਧਾ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ |