ਮਾਛੀਵਾੜਾ ਸਾਹਿਬ, 8 ਜੂਨ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਪਟਿਆਲਾ ਵਿਖੇ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਸੰਬੰਧੀ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ 'ਤੇ ਕੀਤਾ ਗਿਆ ਲਾਠੀਚਾਰਜ ਬਹੁਤ ਹੀ ਨਿੰਦਣਯੋਗ ਹੈ ਤੇ ਪੰਜਾਬ ਦੇ ਲੋਕਾਂ 'ਚ ਇਸ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ | ਗੱਲਬਾਤ ਕਰਦਿਆਂ ਹਰਜੋਤ ਮਾਂਗਟ ਤੇ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ 'ਚੋਂ ਬੇਰੁਜ਼ਗਾਰੀ ਅਤੇ ਨਸ਼ਾ ਖ਼ਤਮ ਕਰਨ ਦੀ ਗੱਲ ਆਖ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਬੇਰੁਜ਼ਗਾਰਾਂ ਨੂੰ ਹੀ ਖ਼ਤਮ ਕਰਨ 'ਤੇ ਲੱਗੀ ਹੋਈ ਹੈ | ਇਨ੍ਹਾਂ ਤੋਂ ਨਾ ਨਸ਼ਿਆਂ 'ਤੇ ਰੋਕ ਲੱਗੀ, ਨਾ ਰੁਜ਼ਗਾਰ ਦਿੱਤੇ ਗਏ, ਨਾ ਗੈਂਗਸਟਰ ਖ਼ਤਮ ਹੋਏ ਬਲਕਿ ਅੱਜ ਨਸ਼ਾ ਘਰ-ਘਰ ਪੁੱਜ ਗਿਆ ਹੈ | ਉਕਤ ਆਗੂਆਂ ਨੇ ਕਿਹਾ ਕਿ ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ ਕਿ ਆਪਣੇ ਹੱਕੀ ਮੰਗਾਂ ਲਈ ਸ਼ਾਂਤਮਈ ਧਰਨੇ 'ਤੇ ਬੈਠੇ ਨੌਜਵਾਨਾਂ ਦੀ ਜਾਨਵਰਾਂ ਵਾਂਗ ਲਾਠੀਚਾਰਜ ਕਰਨਾ ਅਣਮਨੁੱਖੀ ਤਸ਼ੱਦਦ ਦੀ ਘਿਨੌਣੀ ਘਟਨਾ ਹੈ | ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਲਾਠੀਆਂ ਦਾ ਜਵਾਬ ਪੰਜਾਬ ਦੇ ਲੋਕ 2027 ਵਿਚ 'ਆਪ' ਸਰਕਾਰ ਨੂੰ ਕਰਾਰੀ ਹਾਰ ਨਾਲ ਦੇਣਗੇ |