ਦੋਰਾਹਾ, 6 ਜੁਲਾਈ (ਪੱਤਰ ਪ੍ਰੇਰਕ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਦੋਰਾਹਾ ਦੀ ਗੁਰਦਿਆਲ ਸਿੰਘ ਦਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਪੈਨਸ਼ਨਰਜ਼ ਅਤੇ ਮੁਲਾਜ਼ਮ ਵਿਰੋਧੀ ਘਟੀਆ ਸੋਚ ਦੀ ਘੋਰ ਨਿਖੇਧੀ ਕਰਦਿਆਂ ਹੁਣ ਤੱਕ ਦੀ ਸਭ ਤੋਂ ਘਟੀਆ ਸਰਕਾਰ ਗਰਦਾਨਿਆ ਗਿਆ। ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀ ਏ ਅਤੇ ਉਨ੍ਹਾਂ ਦਾ ਬਕਾਇਆ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੇ 30 ਜੂਨ ਤੱਕ ਦੇਣ ਦੇ ਫ਼ੈਸਲੇ ਦੇ ਬਾਵਜੂਦ ਅਜੇ ਤੱਕ ਰੋਕੀ ਬੈਠੀ ਹੈ ਅਤੇ ਡੀ ਏ ਨਾ ਦੇਣ ਪ੍ਰਤੀ ਹਰ ਹੀਲਾ ਵਰਤ ਰਹੀ ਹੈ। ਸਰਕਾਰ ਨੂੰ ਕਾਤਲ ਕਰਾਰ ਦਿੰਦਿਆਂ ਕਿਹਾ ਕਿ ਡੀ. ਏ ਅਤੇ ਉਨ੍ਹਾਂ ਦੇ ਬਕਾਏ ਨੂੰ ਉਡੀਕਦੇ 35 ਹਜ਼ਾਰ ਤੋਂ ਉੱਪਰ ਪੈਨਸ਼ਨਰ ਪਰਲੋਕ ਸਿਧਾਰ ਚੁੱਕੇ ਹਨ, ਜਿਸ ਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਮੀਟਿੰਗ ਵਿੱਚ ਬੁਲਾਰਿਆਂ ਗੁਰਦਿਆਲ ਦਲਾਲ, ਕਰਮ ਸਿੰਘ ਜਟਾਣਾ, ਕਮਲਜੀਤ ਸਿੰਘ ਕਟਾਣਾ ਸਾਹਿਬ, ਕਮਲਜੀਤ ਸਿੰਘ ਦੋਰਾਹਾ, ਅਤੇ ਸਤਿੰਦਰ ਪਾਲ ਸਿੰਘ ਨੇ ਸਰਕਾਰ ਪ੍ਰਤੀ ਰੋਸ ਪ੍ਰਗਟਾਉਂਦੇ ਹੋਏ 2027 ਦੀਆਂ ਚੋਣਾਂ ਵਿੱਚ ਇਸਨੂੰ ਕਰਾਰੀ ਹਾਰ ਦੇਣ ਦਾ ਪ੍ਰਣ ਕੀਤਾ। ਇਸ ਬੇਰਹਿਮ, ਘੁਮੰਡੀ, ਹੈਂਕੜਬਾਜ਼, ਧੋਖੇਬਾਜ਼ ਅਤੇ ਪੈਨਸ਼ਨਰ ਵਿਰੋਧੀ ਸਰਕਾਰ ਵਿਰੁੱਧ 17 ਜੁਲਾਈ ਨੂੰ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।ਪੰਜਾਬ ਅੰਦਰ ਨਿੱਤ ਵਿਗੜਦੀ ਜਾ ਰਹੀ ਅਮਨ ਕਾਨੂੰਨ ਦੀ ਸਥਿਤੀ ਜਿਸ ਵਿੱਚ ਅੱਜ ਕੋਈ ਵੀ ਸੁਰੱਖਿਅਤ ਨਹੀਂ। ਕਤਲ, ਲੁੱਟ-ਖੋਹ, ਫਿਰੌਤੀ, ਕਿਡਨੈਪਿੰਗ ਅਤੇ ਬਲਾਤਕਾਰ ਦੀਆਂ ਘਟਨਾਵਾਂ ਆਦਿ ਆਮ ਵਾਪਰ ਰਹੀਆਂ ਹਨ। ਮੀਟਿੰਗ ਦੇ ਅੰਤ ਵਿੱਚ ਪੈਨਸ਼ਨਰ ਹਰਮਹਿੰਦਰ ਸਿੰਘ ਸ਼ਾਹਪੁਰ ਦੇ ਅਕਾਲ ਚਲਾਣਾ ਕਰਨ ਤੇ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।