ਡੇਹਲੋਂ, 7 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)- ਥਾਣਾ ਡੇਹਲੋਂ ਵਿਖੇ ਦੇਰ ਸ਼ਾਮ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਨੇ ਰੋਸ ਧਰਨਾ ਦਿੰਦਿਆਂ ਡੇਹਲੋਂ ਪੁਲਿਸ ’ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਗਾਉਣ ਦੇ ਨਾਲ-ਨਾਲ ਤਫ਼ਤੀਸ਼ੀ ਅਧਿਕਾਰੀ ’ਤੇ 5 ਹਜ਼ਾਰ ਦੀ ਰਿਸ਼ਵਤ ਲੈਣ ਦੇ ਵੀ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਧਰਮਜੀਤ ਸਿੰਘ ਪੰਮਾਂ ਜੱਸੋਵਾਲ ਦੇ ਘਰ 03 ਜੂਨ ਨੂੰ ਕਥਿਤ ਦੋਸ਼ੀਆਂ ਸਮੇਤ ਅਣਪਛਾਤੇ ਵਿਅਕਤੀਆਂ ਨੇ ਘਰ ਅੰਦਰ ਵੜ ਕੇ ਕਾਤਲਾਨਾ ਹਮਲਾ ਕੀਤਾ ਸੀ, ਜਿਸ ਸੰਬੰਧੀ ਡੇਹਲੋਂ ਪੁਲਿਸ ਵਲੋਂ 13 ਜੂਨ ਨੂੰ ਐਫ. ਆਈ. ਆਰ 0117 ਦਰਜ ਕੀਤਾ ਗਿਆ ਸੀ, ਪਰ ਕਥਿਤ ਦੋਸ਼ੀਆਂ ਨੂੰ ਨਾ ਫੜੇ ਜਾਣ ਕਾਰਨ ਅੱਜ ਪੀੜਤ ਪਰਿਵਾਰ ਨਾਲ ਮਿਲ ਕੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਕਤ ਮੁਕੱਦਮੇ ਦੇ ਤਫ਼ਤੀਸ਼ੀ ਅਧਿਕਾਰੀ ’ਤੇ ਢਿੱਲੀ ਕਾਰਗੁਜ਼ਾਰੀ ਅਤੇ ਪੀੜਤ ਧਰਮਜੀਤ ਸਿੰਘ ਪੰਮਾਂ ਜੱਸੋਵਾਲ ਵਲੋਂ 5000 ਰੁਪਏ ਲੈਣ ਦੇ ਦੋਸ਼ ਲਗਾਉਂਦਿਆਂ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਪੁਲੀਸ ਤੋਂ ਇਨਸਾਫ਼ ਲੈਣ ਲਈ ਜਾਂ ਲੋਕਾਂ ਕੋਲ ਪੈਸੇ ਹੋਣ ਜਾਂ ਸਰਕਾਰ ਵਿੱਚ ਚਲਦੀ ਹੋਵੇ ਜਾਂ ਫਿਰ ਲੋਕਾਂ ਨੂੰ ਇਕੱਠ ਕਰਕੇ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਧਰਨੇ ਵਾਲੀ ਥਾਂ ’ਤੇ ਥਾਣਾ ਡੇਹਲੋਂ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦੁਆਇਆ ਕਿ ਕੁੱਝ ਦਿਨਾਂ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ ਅਤੇ ਥਾਣਾ ਮੁਖੀ ਨੇ ਤਫ਼ਤੀਸ਼ੀ ਅਫ਼ਸਰ ਨੂੰ ਬਦਲ ਕੇ ਦੂਸਰੇ ਅਧਿਕਾਰੀ ਨੂੰ ਉਕਤ ਮੁਕੱਦਮੇ ਵਿੱਚ ਕੰਮ ਕਰਨ ਲਈ ਭਰੋਸਾ ਦੇਣ ਬਾਅਦ ਧਰਨਾ ਚੁੱਕਿਆ ਗਿਆ। ਇਸ ਸਮੇਂ ਧਰਨਾਕਾਰੀਆਂ ਨੇ ਇਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਜੇਕਰ ਅਜੇ ਵੀ ਡੇਹਲੋਂ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਸਮੇਂ ਚਰਨਜੀਤ ਸਿੰਘ ਹਿਮਾਂਯੂਪੁਰਾ, ਬੂਟਾ ਸਿੰਘ ਕਿਲ੍ਹਾ ਰਾਏਪੁਰ, ਸ਼ਿੰਦਰ ਸਿੰਘ ਜਵੱਦੀ, ਜਗਜੀਤ ਸਿੰਘ ਜੂਗੀ, ਗੁਰਮੀਤ ਸਿੰਘ ਰਿੰਕਾ ਬੀਰਾ, ਬਾਬਾ ਮਨਸੂਰਾਂ, ਜਰਨੈਲ ਸਿੰਘ ਦੋਲੋਂ, ਮੰਗਾਂ, ਸੋਨੀ ਰਾਮਗੜ੍ਹ ਸਰਦਾਰਾਂ, ਲਖਵਿੰਦਰ ਸਿੰਘ ਰੱਬੋਂ, ਅਮਰਜੀਤ ਸਿੰਘ, ਕੁਲਵੰਤ ਸਿੰਘ ਹਿਮਾਯੂੰਪੁਰਾ, ਕਿਸਾਨ ਵਿੰਗ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ ਹਿਮਾਂਯੂੰਪੁਰਾ, ਰਣਜੀਤ ਸਿੰਘ ਸਾਂਇਆ, ਰਾਮ ਸਿੰਘ ਸਾਹਨੇਵਾਲ, ਲਾਲੀ, ਰਣਜੋਧ ਸਿੰਘ, ਰਵੀ, ਸੁੱਖਾ ਜੱਸੋਵਾਲ ਆਦਿ ਹਾਜ਼ਰ ਸਨ।