ਖੰਨਾ, 7 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਸਮਾਜ ਸੇਵੀ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਸੀਨੀਅਰ ਐਡਵੋਕੇਟ ਜਗਰਾਜ ਸਿੰਘ ਬੈਨੀਪਾਲ ਦੀ ਅਗਵਾਈ ’ਚ ਇਕ ਵਫ਼ਦ ਐਸ. ਡੀ. ਐਮ ਖੰਨਾ ਸਵਾਤੀ ਟਿਵਾਣਾ ਨੂੰ ਮਿਲਿਆ ਅਤੇ ਐਸ. ਡੀ. ਐਮ ਨੂੰ ਸ਼ਹਿਰ ’ਚ ਦੋਨੋਂ ਪਾਸੇ ਦੀਆਂ ਸਰਵਿਸ ਰੋਡਜ਼ ’ਤੇ ਪਏ ਛੋਟੇ ਵੱਡੇ ਟੋਇਆਂ, ਖ਼ਸਤਾ-ਹਾਲ ਸੜਕਾਂ, ਆਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਕਰਨ, ਸ਼ੈਲਟਰ ਹੋਮ ਬਣਾਉਣ ਆਦਿ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਮੁਹਿੰਮ ਦੁਬਾਰਾ ਸ਼ੁਰੂ ਕੀਤੀ ਜਾਵੇ ਕਿਉਂਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਹੀ ਆਬਾਦੀ ਨੂੰ ਕੰਟਰੋਲ ਕਰਨ ’ਚ ਸਹਾਈ ਹੋ ਸਕਦੀ ਹੈ। ਐਸ. ਡੀ. ਐਮ ਸਵਾਤੀ ਟਿਵਾਣਾ ਨੇ ਸਬੰਧਿਤ ਮਸਲਿਆਂ ਦੇ ਢੁਕਵੇਂ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ। ਇਸ ਮੌਕੇ ਸੰਸਥਾ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਸੰਜੀਵ ਸਹੋਤਾ, ਐਡਵੋਕੇਟ ਮਨਦੀਪ ਸਿੰਘ ਲਹਿਰੀ, ਐਡਵੋਕੇਟ ਅਸ਼ੋਕ ਮਾਗੋ, ਐਡਵੋਕੇਟ ਅਭਿਸ਼ੇਕ ਰਾਜ, ਜਸਪ੍ਰੀਤ ਸਿੰਘ ਟੋਨੀ ਅਤੇ ਸੀਨੀਅਰ ਅਸਿਸਟੈਂਟ ਜਸਵੀਰ ਸਿੰਘ ਆਦਿ ਹਾਜ਼ਰ ਸਨ।