ਸਮਰਾਲਾ, 7 ਜੁਲਾਈ (ਗੋਪਾਲ ਸੋਫਤ)-ਕਲਾ ਸੰਗਮ ਨੀਲੋਂ ਵਲੋਂ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਕਵਿਤਾ ਦੇ ਪਰਛਾਵੇਂ’ ਤੇ ਇੱਕ ਵਿਸ਼ੇਸ਼ ਗੋਸ਼ਟੀ ਅਤੇ ਵਿਚਾਰ ਚਰਚਾ ਸੰਤ ਕ੍ਰਿਪਾਲ ਸਿੰਘ ਸੇਵਾ ਪੰਥੀ ਪਬਲਿਕ ਸਕੂਲ, ਨੀਲੋਂ ਵਿਖੇ ਕਰਵਾਈ ਗਈ, ਜਿਸ ਵਿੱਚ ਇਲਾਕੇ ਅਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਨਾਮਵਰ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਖ਼ਸੀਅਤ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸੰਤ ਸਿੰਘ ਸੋਹਲ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ, ਗੁਰਸੇਵਕ ਸਿੰਘ ਢਿੱਲੋਂ, ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਅਤੇ ਜਨਰਲ ਸਕੱਤਰ ਬੁੱਧ ਸਿੰਘ ਨੀਲੋਂ ਸ਼ਾਮਲ ਹੋਏ।ਕਿਤਾਬ ’ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਪਹਿਲਾ ਖੋਜ-ਪਰਚਾ ਤੇਲੂ ਰਾਮ ਕੁਹਾੜਾ ਵੱਲੋਂ ਪੜਿਆ ਗਿਆ, ਜਿਨ੍ਹਾਂ ਨੇ ਸੁਰਿੰਦਰ ਰਾਮਪੁਰੀ ਦੇ ਜੀਵਨ, ਉਨ੍ਹਾਂ ਦੀ ਸਾਹਿਤਕ ਸਾਧਨਾਂ ਅਤੇ ਕਿਤਾਬ ਦੇ ਵਿਸ਼ੇ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਉਨ੍ਹਾਂ ਨੂੰ ਇੱਕ ਬਹੁ-ਵਿਧਾਵੀ ਲੇਖਕ ਵਜੋਂ ਪ੍ਰਭਾਸ਼ਿਤ ਕੀਤਾ। ਉਪਰੰਤ ਬੁੱਧ ਸਿੰਘ ਨੀਲੋਂ ਬਲਵੰਤ ਮਾਂਗਟ, ਅਮਨ ਆਜ਼ਾਦ, ਦੀਪ ਦਿਲਬਰ, ਗੁਰਭਗਤ ਅਤੇ ਗੁਰਸੇਵਕ ਸਿੰਘ ਢਿੱਲੋਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਸੁਖਵਿੰਦਰ ਸਿੰਘ ਗਰੇਵਾਲ ਨੇ ਰਾਮਪੁਰੀ ਦੀਆਂ ਲਿਖਤਾਂ ਨੂੰ ਆਉਣ ਵਾਲੇ ਭਵਿੱਖ ਲਈ ਇੱਕ ਚਾਨਣ ਮੁਨਾਰਾ ਦੱਸਿਆ। ਇਸ ਦੌਰਾਨ ਖ਼ੁਦ ਸੁਰਿੰਦਰ ਰਾਮਪੁਰੀ ਨੇ ਆਪਣੇ ਜੀਵਨ, ਲਿਖਣ ਪ੍ਰਕਿਰਿਆ ਅਤੇ ਕਿਤਾਬ ਦੇ ਉਦੇਸ਼ ਬਾਰੇ ਕੀਮਤੀ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਮਾਗਮ ਦਾ ਦੂਜਾ ਸੈਸ਼ਨ ਇੱਕ ਸ਼ਾਨਦਾਰ ਕਵੀ ਦਰਬਾਰ ਦੇ ਰੂਪ ਵਿੱਚ ਸਜਿਆ, ਜਿਸ ਦੀ ਪ੍ਰਧਾਨਗੀ ਬਲਦੇਵ ਝੱਜ, ਸੁਰਿੰਦਰ ਸਿੰਘ ਰਾਮਪੁਰੀ, ਅਨਿਲ ਫਤਿਹਗੜ੍ਹ ਜੱਟਾਂ ਅਤੇ ਗੁਰਭਗਤ ਨੇ ਸਾਂਝੇ ਤੌਰ ’ਤੇ ਕੀਤੀ। ਇਸ ਕਵੀ ਦਰਬਾਰ ਵਿੱਚ ਅਮਰਜੀਤ ਸ਼ੇਰਪੁਰੀ, ਕਮਲਜੀਤ ਨੀਲੋਂ , ਸੁਖਵਿੰਦਰ ਭਾਦਲਾ, ਕਿਰਨਜੀਤ ਕੁਲਾਰ, ਸੁਖਵਿੰਦਰ ਬਿੱਟੂ , ਬਲਵੰਤ ਮਾਂਗਟ , ਦਲਬੀਰ ਕੁਲੇਰ, ਜੁਗਰਾਜਪਾਲ ਸਿੰਘ, ਜਗਦੇਵ ਮਕਸੂਦੜਾ, ਨੇਤਰ ਮੁਤੋਂ , ਨਰਿੰਦਰ ਮਣਕੂ , ਬਿੱਟੂ ਮਾਨੂਪੁਰੀ , ਮੁਕੰਦ ਸਿੰਘ ਦੋਧਾਲ, ਬੁੱਧ ਸਿੰਘ ਨੀਲੋਂ, ਦੀਪ ਦਿਲਬਰ ਅਤੇ ਮਨਜੀਤ ਧੰਜਲ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਕਹਾਣੀਕਾਰ ਸੰਦੀਪ ਸਮਰਾਲਾ, ਸੁਰਜੀਤ ਵਿਸ਼ਦ, ਬਲਦੇਵ ਝੱਜ, ਗੁਰਭਗਤ ਅਤੇ ਅਮਨ ਆਜ਼ਾਦ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੰਤ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਬਲਦੇਵ ਸਿੰਘ ਝੱਜ ਵਲੋਂ ਕੀਤਾ ਗਿਆ।