ਮਾਛੀਵਾੜਾ ਸਾਹਿਬ, 16 ਜੁਲਾਈ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ )-ਦੇਰ ਨਾਲ ਹੀ ਸਹੀ ਪਰ ਇੱਕ ਵਾਰ ਫਿਰ ਪ੍ਰਸ਼ਾਸਨ ਜਾਗਿਆ ਹੈ ਤੇ ਇਸ ਵਾਰ ਇੱਕ ਕਦਮ ਹੋਰ ਵਧਦੇ ਹੋਏ ਸਤਲੁਜ ਰਾਹੋਂ-ਨਵਾਂਸ਼ਹਿਰ ਪੁਲ ਭਾਰੀ ਵਾਹਨਾਂ ਲਈ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਪੁਲ ਤੋਂ ਭਾਰੀ ਵਾਹਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ, ਪਰ ਉਹ ਸਿਰਫ਼ ਤੇ ਸਿਰਫ਼ ਖਾਨਾਪੂਰਤੀ ਹੀ ਨਜ਼ਰ ਆਈ। ਪਰ ਇਸ ਵਾਰ ਲੋਹੇ ਦੇ ਵੱਡੇ ਗਾਡਰਾਂ ਨਾਲ ਸੜਕ ਵਿਚਕਾਰ ਜ਼ਬਰਦਸਤ ਘੇਰਾਬੰਦੀ ਕੀਤੀ ਗਈ ਹੈ ਤੇ ਉਮੀਦ ਤਾਂ ਇਹੀ ਹੈ ਕਿ ਇਸ ਵਾਰ ਪ੍ਰਸ਼ਾਸਨ ਦਾ ਇਹ ਕਦਮ ਮਜ਼ਬੂਤ ਨਜ਼ਰ ਆਵੇ। ਅਸਲ ਵਿਚ ਇਸ ਪੁਲ ਦੇ ਸ਼ੁਰੂਆਤੀ ਹਿੱਸੇ ਦੀਆਂ ਪਲੇਟਾਂ ‘ਤੇ ਕਾਫੀ ਵੱਡੀ ਦਰਾੜ ਪੈ ਗਈ ਹੈ ਤੇ ਪੁਲ ਦਾ ਜ਼ਿਆਦਾਤਰ ਹਿੱਸਾ ਤਰਸਯੋਗ ਹੋ ਗਿਆ ਹੈ। ਹਾਲਾਂਕਿ ਪਿਛਲੇ ਦਿਨੀਂ ਅਜੀਬ ਵੈੱਬ ‘ਤੇ ਇਸ ਪੁਲ ਦੀ ਅਸਲ ਤਸਵੀਰ ਦਿਖਾਈ ਗਈ ਕਿ ਜੇਕਰ ਪੁਲ ‘ਤੇ ਇਸੇ ਤਰਾਂ ਭਾਰੀ ਵਾਹਨ ਗੁਜ਼ਰਦੇ ਰਹੇ ਤਾਂ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਨੀਂਦ ਤੋਂ ਤਾਂ ਜਾਗਿਆ ਤੇ ਇਸ ਵੱਡੀ ਰੁਕਾਵਟ ਨੂੰ ਖੜਾ ਕੀਤਾ। ਪਰ ਆਮ ਲੋਕਾਂ ਵਿਚ ਇਸ ਗੱਲ ਦੀ ਚਰਚਾ ਅਜੇ ਵੀ ਹੈ ਕਿ ਮਾਈਨਿੰਗ ਕਰਨ ਵਾਲੇ ਟਿੱਪਰਾਂ ਅੱਗੇ ਇਹ ਗਾਡਰ ਵੀ ਕੁੱਝ ਨਹੀਂ ਅਤੇ ਆਉਂਦੇ ਇੱਕ ਦੋ ਦਿਨਾਂ ਤੱਕ ਫਿਰ ਪਹਿਲਾਂ ਵਾਲਾ ਮਾਹੌਲ ਨਜ਼ਰ ਆਵੇਗਾ। ਪਰ ਇਸ ਵਾਰ ਪ੍ਰਸ਼ਾਸਨ ਕੁੱਝ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ ਤੇ ਇਹ ਰੁਕਾਵਟ ਕਾਫੀ ਲੰਮੀ ਚੱਲ ਸਕਦੀ ਹੈ।