ਸਮਰਾਲਾ, 16 ਜੁਲਾਈ (ਕੁਲਵਿੰਦਰ ਸਿੰਘ)-ਗਰਮੀ ਅਤੇ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਐਂਟੀ ਡੇਂਗੂ ਕੰਪੇਨ ਤਹਿਤ ਸਿਵਲ ਹਸਪਤਾਲ ਸਮਰਾਲਾ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਏਰੀਏ ਵਿਚ ਡੇਂਗੂ ਸੰਬੰਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕੰਪੇਨ ਤਹਿਤ ਸਿਵਲ ਹਸਪਤਾਲ ਸਮਰਾਲਾ ਦੇ ਮਲੇਰੀਆ ਬਰਾਂਚ ਦੇ ਅਧਿਕਾਰੀ ਪ੍ਰਦੀਪ ਕੁਮਾਰ ਅਤੇ ਕੌਂਸਲਰ ਅੰਮ੍ਰਿਤਾ ਪੁਰੀ ਦੇ ਸਾਂਝੇ ਯਤਨਾਂ ਨਾਲ ਸ਼ਹਿਰ ਸਮਰਾਲਾ ਦੇ ਪੁਰਾਣੀ ਸਬਜ਼ੀ ਮੰਡੀ, ਵਾਲਮੀਕੀ ਮੁਹੱਲਾ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ, ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਮੁਹੱਲੇ ਦੀਆਂ ਗਲੀਆਂ ਦੇ ਵਿਚ ਮੱਛਰਾਂ ਦੇ ਪਰਜਨਨ ਵਾਲੀਆਂ ਸੰਭਾਵਿਤ ਥਾਵਾਂ ‘ਤੇ ਲਾਰਵੀਸਾਈਡ ਸਪਰੇਅ ਕਰਵਾਈ ਗਈ ਤਾਂ ਜੋ ਮਲੇਰੀਏ ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਨੂੰ ਕਾਬੂ ਕੀਤਾ ਜਾ ਸਕੇ। ਮੌਕੇ ਤੇ ਮਿਲਿਆ ਲਾਰਵਾ ਨਸ਼ਟ ਕੀਤਾ ਗਿਆ, ਇਸ ਉਪਰਾਲੇ ਨੂੰ ਮੁਹੱਲਾ ਨਿਵਾਸੀਆਂ ਵਲੋਂ ਸਰਾਹਿਆ ਗਿਆ। ਪ੍ਰਦੀਪ ਕੁਮਾਰ ਤੇ ਕੌਂਸਲਰ ਅੰਮ੍ਰਿਤਾ ਪੁਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਵਿਭਾਗ ਦੇ ਯਤਨਾਂ ਦੇ ਨਾਲ-ਨਾਲ ਅਤੇ ਲੋਕਾਂ ਦੇ ਸਹਿਯੋਗ ਵੀ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੇ ਛੱਤਾਂ, ਕੂਲਰਾਂ, ਗਮਲਿਆਂ, ਫ਼ਰਿਜ ਦੀਆਂ ਟਰੇਆਂ, ਟਾਇਰਾਂ ਤੇ ਹੋਰ ਭਾਂਡਿਆਂ ‘ਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਆਲੇ-ਦੁਆਲੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਪੀਣ ਵਾਲੇ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਬੁਖ਼ਾਰ, ਸਰੀਰ ਦਰਦ ਜਾਂ ਡੇਂਗੂ ਤੇ ਮਲੇਰੀਆਂ ਨਾਲ ਸੰਬੰਧਿਤ ਹੋਰ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿਚ ਜਾਂਚ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਲੋਕਾਂ ਦਾ ਇਲਾਜ ਕੀਤਾ ਜਾ ਸਕੇ। ਡੇਂਗੂ ਦਾ ਜਾਂਚ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਐਨ. ਜੀ. ਓ. ਮਾਂ ਨੈਣਾਂ ਦੇਵੀ ਸੇਵਾ ਸੰਸਥਾ ਦੇ ਵਾਈਸ ਪ੍ਰਧਾਨ ਸਤੀਸ਼ ਕੁਮਾਰ, ਬਰੀਡਿੰਗ ਚੈੱਕਰ ਸਮੀਰ ਕੁਮਾਰ, ਖੁਸ਼ਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਹਰਦੀਪ ਸਿੰਘ ਅਤੇ ਮੁਹੱਲਾ ਨਿਵਾਸੀ ਮੌਜੂਦ ਸਨ।