ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)-ਪਲੈਨੇਟ ਈ ਸਕੂਲ, ਖੰਨਾ ਵਿਖੇ ਸੀ. ਬੀ. ਐਸ. ਈ ਦੇ ਦਿਸ਼ਾ-ਨਿਰਦੇਸ਼ਾਂ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਪੰਜਾਬ ਦੀ ਮਾਂ ਬੋਲੀ ਪੰਜਾਬੀ ਭਾਸ਼ਾ ਦੀ ਉਤਪੱਤੀ ਅਤੇ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਇਤਿਹਾਸ, ਇਸ ਦੇ ਵਿਕਾਸ, ਸਾਹਿਤਕ ਵਿਰਸੇ ਅਤੇ ਭਾਰਤੀ ਭਾਸ਼ਾਵਾਂ ਵਿੱਚ ਇਸ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਸੀ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਮਾਤ ਭਾਸ਼ਾ ਦੇ ਸਤਿਕਾਰ, ਇਸ ਦੀ ਸ਼ੁੱਧ ਵਰਤੋਂ ਅਤੇ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਭਾਸ਼ਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਜਾਣਕਾਰੀਆਂ ਪ੍ਰਾਪਤ ਕੀਤੀਆਂ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮਨੀਸ਼ ਕੁਮਾਰ ਧਵਨ ਨੇ ਕਿਹਾ ਕਿ ਮਾਤ ਭਾਸ਼ਾ ਸਾਡੀ ਪਹਿਚਾਣ ਅਤੇ ਸਭਿਆਚਾਰ ਦੀ ਨੀਂਹ ਹੈ। ਇਸ ਲਈ ਹਰ ਵਿਦਿਆਰਥੀ ਨੂੰ ਆਪਣੀ ਮਾਤ ਭਾਸ਼ਾ ਦਾ ਗਿਆਨ ਅਤੇ ਉਸ ਪ੍ਰਤੀ ਮਾਣ ਹੋਣਾ ਚਾਹੀਦਾ ਹੈ।ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਠਾਕੁਰ ਨੇ ਕਿਹਾ ਕਿ ਸੀ. ਬੀ. ਐਸ.ਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਿਹੇ ਗਿਆਨਵਰਧਕ ਪ੍ਰੋਗਰਾਮ ਵਿਦਿਆਰਥੀਆਂ ਦੇ ਭਾਸ਼ਾਈ ਵਿਕਾਸ, ਸਭਿਆਚਾਰਕ ਜਾਗਰੂਕਤਾ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।