ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਐਸ. ਪੀ. (ਡੀ) ਪਵਨਜੀਤ ਚੌਧਰੀ ਨੇ ਦਾਅਵਾ ਕੀਤਾ ਕਿ ਖੰਨਾ ਵਿਚ 14 ਜੁਲਾਈ ਦੀ ਰਾਤ ਨੂੰ ਕੁੱਝ ਵਿਅਕਤੀਆਂ ਵਲੋਂ ਰਜਨੀਸ਼ ਮੋਦੀ ਉਰਫ਼ ਵਿਕੀ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਚੋਰੀ ਕਰਨ ਦਾ ਮਾਮਲਾ ਅਸਲ ਵਿਚ ਪੈਸਿਆਂ ਦੇ ਲੈਣ-ਦੇਣ ਅਤੇ ਪੁਰਾਣੀ ਰੰਜਿਸ਼ ਦਾ ਮਾਮਲਾ ਸੀ । ਉਨ੍ਹਾਂ ਕਿਹਾ ਕਿ ਇਹ ਮਾਮਲਾ ਲੁੱਟ-ਖੋਹ ਨਹੀਂ, ਬਲਕਿ ਪੁਰਾਣੀ ਦੁਸ਼ਮਣੀ ਨਾਲ ਜੁੜਿਆ ਹੋਇਆ ਸੀ। ਖੰਨਾ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ ਵਿਚੋਂ ਵਾਰਦਾਤ ਦੌਰਾਨ ਵਰਤੀ ਗਈ ਚਿੱਟੇ ਰੰਗ ਦੀ ਸਵਿਫ਼ਟ ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਨਾਮਜ਼ਦ ਤਿੰਨ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਐਸ. ਪੀ. (ਡੀ) ਪਵਨਜੀਤ ਚੌਧਰੀ ਨੇ ਦੱਸਿਆ ਕਿ ਮੋਦੀ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਦੀ ਗੱਲ ਤਾਂ ਠੀਕ ਹੈ। ਇਸ ਮਾਮਲੇ ਵਿਚ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸੀ.ਆਈ.ਏ.-2 ਖੰਨਾ ਦੀ ਟੀਮ ਨੇ ਤਕਨੀਕੀ ਅਤੇ ਮਨੁੱਖੀ ਸੂਚਨਾ ਦੇ ਆਧਾਰ ’ਤੇ ਹਰਸਿਮਰਨਜੀਤ ਸਿੰਘ ਉਰਫ਼ ਚੀਮਾ ਅਤੇ ਦਲਜੀਤ ਸਿੰਘ ਉਰਫ਼ ਨਿੰਦਾ, ਵਾਸੀ ਸਰਹਿੰਦ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਸਵਿਫ਼ਟ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ। ਐੱਸ. ਪੀ. ਪਵਨਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਇਹ ਵਾਰਦਾਤ ਚੋਰੀ ਜਾਂ ਲੁੱਟ ਦੀ ਨਹੀਂ ਸੀ, ਸਗੋਂ ਪੈਸਿਆਂ ਦੇ ਲੈਣ-ਦੇਣ ਅਤੇ ਪੁਰਾਣੀ ਰੰਜਸ਼ ਦਾ ਮਾਮਲਾ ਸੀ। ਪੁਲਿਸ ਮੁਤਾਬਿਕ ਦੋਸ਼ੀਆਂ ਦੀ ਭਾਲ ਲਈ ਕਰੀਬ 150 ਕਿੱਲੋਮੀਟਰ ਤੱਕ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਗਈ ਅਤੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਸ਼ਾਤਰ ਅਪਰਾਧੀ ਹਨ ਅਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਤਲ ਦੀ ਕੋਸ਼ਿਸ਼, ਲੁੱਟ-ਖੋਹ ਅਤੇ ਹੋਰ ਗੰਭੀਰ ਅਪਰਾਧਾਂ ਦੇ ਕਈ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਨਾਮਜ਼ਦ ਤਿੰਨ ਹੋਰ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅੱਜ ਗ੍ਰਿਫ਼ਤਾਰ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ. ਐਸ. ਪੀ. ਮੋਹਿਤ ਸਿੰਗਲਾ, ਡੀ. ਐਸ. ਪੀ. ਵਿਨੋਦ ਕੁਮਾਰ, ਐਸ਼ ਐਚ. ਓ. ਇੰਸ. ਸੰਦੀਪ ਕੁਮਾਰ, ਐਸ. ਐਚ. ਓ. ਤਰਵਿੰਦਰ ਬੇਦੀ ਆਦਿ ਹਾਜ਼ਰ ਸਨ।
ਘਰ ਵਿੱਚ ਵੜ ਕੇ ਹਮਲਾ ਕਰਨ ਦੇ ਦੋਸ਼ ’ਚ ਦੋ ਵਿਅਕਤੀ ਕਾਬੂ
ਅਜੀਤ ਡੈਸਕ
23-07-2026