ਸਮਰਾਲਾ, 25 ਜੁਲਾਈ (ਕੁਲਵਿੰਦਰ ਸਿੰਘ)-ਬੀਤੇ ਦਿਨੀਂ ਜੰਤਰ-ਮੰਤਰ ਦਿੱਲੀ ਵਿਖੇ ਪੁਲਿਸ ਵਲੋਂ ਵਿਦਿਆਰਥੀਆਂ ‘ਤੇ ਕੀਤੇ ਤਸ਼ੱਦਦ ਨੇ ਪੂਰੀ ਦੁਨੀਆਂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਕੇਂਦਰ ਦੀ ਭਾਜਪਾ ਸਰਕਾਰ ਦੀ ਹੁਣ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜਲਦੀ ਹੀ ਸੱਤਾ ਵਿਚ ਪਲਟਾ ਆਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਐੱਸ. ਡੀ. ਐੱਮ. ਦਫ਼ਤਰ ਸਾਹਮਣੇ 24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਗੋਪਨ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਨੀਟ ਪੇਪਰ ਲੀਕ ਸਬੰਧੀ ਵਿਦਿਆਰਥੀਆਂ ਵਲੋਂ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ ਵਿਰੁੱਧ ਪੁਲਿਸ ਨੇ ਕੇਂਦਰ ਸਰਕਾਰ ਸਰਕਾਰ ਦੇ ਇਸ਼ਾਰੇ ‘ਤੇ ਜੋ ਅੱਤਿਆਚਾਰ ਕੀਤਾ ਹੈ, ਦੇ ਵਿਰੋਧ ਵਿਚ ਮੇਰੇ ਸਮੇਤ ਮੋਨੂੰ ਲੰਮੂ 24 ਘੰਟੇ ਦੀ ਭੁੱਖ ਹੜਤਾਲ ‘ਤੇਬੈਠੇ ਸੀ, ਇਸ ਤਰ੍ਹਾਂ ਦਾ ਸੰਘਰਸ਼ ਪੂਰੇ ਦੇਸ਼ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ, ਜਿਸ ਦੇ ਚੱਲਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਦੇ ਵਿਰੋਧ ਅੱਗੇ ਝੁਕਦੇ ਹੋਏ ਅਸਤੀਫ਼ਾ ਦੇਣਾ ਪਿਆ ਹੈ। ਕੇਂਦਰੀ ਸਿੱਖਿਆ ਮੰਤਰੀ ਵਲੋਂ ਦਿੱਤਾ ਅਸਤੀਫ਼ਾ ਵਿਦਿਆਰਥੀ ਵਰਗ ਦੀ ਜਿੱਤ ਦਾ ਸੂਚਕ ਹੈ। ਅੱਜ 24 ਘੰਟੇ ਦੀ ਹੜਤਾਲ ਬਾਅਦ ਦੋਨਾਂ ਨੌਜਵਾਨਾਂ ਨੂੰ ਸਮਾਜਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਡਾ. ਸੋਹਣ ਲਾਲ ਬਲੱਗਣ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਜੂਸ ਦਾ ਗਿਲਾਸ ਪਿਆ ਕੇ ਭੁੱਖ ਹੜਤਾਲ ਖ਼ਤਮ ਕਰਵਾਈ ਗਈ । ਇਸ ਮੌਕੇ ਕਾਮਰੇਡ ਸੰਤੋਖ ਸਿੰਘ, ਬਾਬਾ ਪ੍ਰਿਤਪਾਲ ਸਿੰਘ, ਗੁਰਬੀਰ ਸਿੰਘ ਸ਼ਾਹੀ, ਡਾ. ਪਰਵਿੰਦਰ ਸਿੰਘ ਬੱਲੀ, ਹਰਦੀਪ ਉਸ਼ੋ, ਤੁਸ਼ਾਰ ਵਰਮਾ, ਬਲਵੀਰ ਸਿੰਘ, ਧਰਮਜੀਤ ਸਿੰਘ, ਰਧਵੀਰ ਸਿੰਘ ਰਿਟਾ. ਐੱਸ. ਡੀ. ਓ.,ਦੀਪ ਦਿਲਬਰ, ਕਾਮਰੇਡ ਭਜਨ ਸਿੰਘ, ਕੇਵਲ ਸਿੰਘ, ਰਵਿੰਦਰ ਸਿੰਘ ਪ੍ਰਧਾਨ ਬੀ. ਐੱਸ. ਪੀ., ਸਤਵਿੰਦਰ ਸਿੰਘ ਜੱਸੀ, ਕਰਮਜੀਤ ਸਿੰਘ ਬਾਸੀ, ਵਿਜੈ ਬੱਲੀ, ਗੁਰਦੀਪ ਸਿੰਘ ਕਾਲੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।ਅਖੀਰ ਸਿੰਘ ਵਿਚ ਗੁਰਪ੍ਰੀਤ ਸਿੰਘ ਗੋਪਨ ਅਤੇ ਮੋਨੂੰ ਲੰਮੂ ਨੇ ਸਮੁੱਚੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
ਜੰਤਰ-ਮੰਤਰ ਦਿੱਲੀ ਵਿਖੇ ਪੁਲਿਸ ਵਲੋਂ ਕੀਤੇ ਤਸ਼ੱਦਦ ਖ਼ਿਲਾਫ਼ ਦੋ ਨੌਜਵਾਨ 24 ਘੰਟੇ ਲਈ ਬੈਠੇ ਭੁੱਖ ਹੜਤਾਲ ’ਤੇ
ਅਜੀਤ ਡੈਸਕ
26-07-2026