ਖੰਨਾ, 25 ਜੁਲਾਈ (ਹਰਜਿੰਦਰ ਸਿੰਘ ਲਾਲ)-ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਨਿਰਦੇਸ਼ਾਂ ‘ਤੇ ਸਾਲਾਂ ਤੋਂ ਲਟਕ ਰਹੀਆਂ ਬਿਜਲੀ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਪਿੰਡ ਜਸਪਾਲੋਂ ਦੇ ਗੁਰਦੁਆਰਾ ਸਾਹਿਬ ਵਿਖੇ ਬਿਜਲੀ ਬੋਰਡ ਦੇ ਅਧਿਕਾਰੀਆਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪਿੰਡਾਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿਚ ਜਸਪਾਲੋਂ, ਜਟਾਣਾ ਚੱਕ ਸਰਾਏ, ਕੋਟ ਸੇਖੋਂ, ਅਸਗਰੀਪੁਰ ਅਤੇ ਰਾਏਪੁਰ ਰਾਜਪੂਤਾਂ ਪਿੰਡਾਂ ਨਾਲ ਸਬੰਧਿਤ ਬਿਜਲੀ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਪੱਕੇ ਹੱਲ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ। ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਘੱਟ ਵੋਲਟੇਜ, ਵਾਰ-ਵਾਰ ਬਿਜਲੀ ਬੰਦ ਹੋਣ, ਓਵਰਲੋਡ ਟਰਾਂਸਫ਼ਾਰਮਰਾਂ ਅਤੇ ਹੋਰ ਤਕਨੀਕੀ ਮੁਸ਼ਕਲਾਂ ਨੂੰ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਅਧਿਕਾਰੀਆਂ ਨੇ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਸੁਣਦਿਆਂ ਕਈ ਮਸਲਿਆਂ ਦੇ ਹੱਲ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਇਸ ਮੀਟਿੰਗ ਨੂੰ ਸਫਲ ਬਣਾਉਣ ਵਿਚ ਮਾ. ਅਵਤਾਰ ਸਿੰਘ,ਅਮਰਦੀਪ ਸਿੰਘ ਪੁਰੇਵਾਲ, ਲਖਬੀਰ ਸਿੰਘ ਕਾਲਾ ਅਤੇਦਰਸ਼ਨ ਸਿੰਘ ਅਰੋੜਾ ਨੇ ਅਹਿਮ ਭੂਮਿਕਾ ਨਿਭਾਈ। ਮੀਟਿੰਗ ਵਿਚ ਬਿਜਲੀ ਬੋਰਡ ਵਲੋਂ ਸੀਨੀਅਰ ਐਕਸੀਅਨ ਇੰਜੀਨੀਅਰ ਜਤਿੰਦਰ ਸਿੰਘ (ਦੋਰਾਹਾ ਡਿਵੀਜ਼ਨ), ਐੱਸ. ਡੀ. ਓ. ਇੰਜੀਨੀਅਰ ਗੁਰਵੀਰ ਸਿੰਘ ਹਾਰਾ (ਰਾਮਪੁਰ), ਐੱਸ. ਡੀ. ਓ. ਇੰਜੀਨੀਅਰ ਇਕਬਾਲ ਸਿੰਘ ਗਰਚਾ (ਦੋਰਾਹਾ) ਅਤੇ ਐਡੀਸ਼ਨਲ ਐੱਸ. ਡੀ. ਓ. ਇੰਜੀਨੀਅਰ ਨਰਿੰਦਰਪਾਲ ਸਿੰਘ (ਪਾਇਲ) ਹਾਜ਼ਰ ਰਹੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਾਰੀਆਂ ਤਕਨੀਕੀ ਸਮੱਸਿਆਵਾਂ ਦਾ ਪੜਾਅ ਵਾਰ ਹੱਲ ਕਰ ਕੇ ਖੇਤਰ ਵਿਚ ਨਿਰਵਿਘਨ ਅਤੇ ਬਿਹਤਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਪੰਚ, ਜਗਜੀਤ ਸਿੰਘ ਗੁਰਮ, ਸੋਨੀ ਡੀ. ਜੇ. ਜਸਪਾਲੋਂ, ਨੌਜਵਾਨ ਸਭਾ ਦੇ ਪ੍ਰਧਾਨ ਅਰਸ਼ਦੀਪ ਸਿੰਘ, ਖ਼ਜ਼ਾਨਚੀ ਸੁਖਜੀਤ ਸਿੰਘ, ਗੁਲਜ਼ਾਰ ਮੁਹੰਮਦ, ਗੁਰਮੁਖ ਸਿੰਘ, ਚੱਕ ਸਰਾਏ ਦੇ ਸਰਪੰਚ ਸੁਖਦੇਵ ਸਿੰਘ, ਹਰਿੰਦਰ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਸਵੈਚ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ਾਂ ਕਾਰਨ ਸਾਲਾਂ ਤੋਂ ਲਟਕ ਰਹੀਆਂ ਬਿਜਲੀ ਸਮੱਸਿਆਵਾਂ ਦੇ ਹੱਲ ਵੱਲ ਠੋਸ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਆਸ ਜਤਾਈ ਕਿ ਜਲਦੀ ਹੀ ਸਾਰੇ ਕੰਮ ਮੁਕੰਮਲ ਹੋਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਬਿਨਾਂ ਰੁਕਾਵਟ ਅਤੇ ਬਿਹਤਰ ਬਿਜਲੀ ਸਪਲਾਈ ਦਾ ਲਾਭ ਮਿਲੇਗਾ।
ਕੈਬਨਿਟ ਮੰਤਰੀ ਸੌਂਦ ਦੇ ਨਿਰਦੇਸ਼ਾਂ ’ਤੇ ਸਾਲਾਂ ਤੋਂ ਲਟਕ ਰਹੀ ਬਿਜਲੀ ਸਮੱਸਿਆ ਦਾ ਹੱਲ-ਛੇ ਪਿੰਡਾਂ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ
ਅਜੀਤ ਡੈਸਕ
26-07-2026