ਪਾਇਲ, 28 ਜੁਲਾਈ (ਪ.ਪ. ਰਾਹੀਂ)-ਪੰਜਾਬ ਬਾਜ਼ੀਗਰ ਸਮਾਜ ਭਵਨ ਟਰੱਸਟ ਵੱਲੋਂ ਪੰਜਾਬ ਬਾਜ਼ੀਗਰ ਭਾਈਚਾਰੇ ਲਈ ਮੁਹਾਲੀ ਜਾਂ ਚੰਡੀਗੜ੍ਹ ਵਿੱਚ ਸਮਾਜ ਭਵਨ ਦੇ ਨਿਰਮਾਣ ਸੰਬੰਧੀ ਅੱਜ ਪਾਇਲ ਹਲਕੇ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮੰਗ ਪੱਤਰ ਮਿਲਿਆ ਅਤੇ ਸਮਾਜ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਹਰਬੰਸ ਲਾਲ ਮਾਨ ਨੇ ਦੱਸਿਆ ਕਿ ਇਸ ਭਵਨ ਰਾਹੀਂ ਸਮਾਜਿਕ, ਵਿੱਦਿਅਕ, ਸਭਿਆਚਾਰਕ ਅਤੇ ਭਲਾਈ ਨਾਲ ਸਬੰਧਿਤ ਗਤੀਵਿਧੀਆਂ ਨੂੰ ਇੱਕ ਸਥਾਈ ਕੇਂਦਰ ਪ੍ਰਾਪਤ ਹੋਵੇਗਾ। ਇਸ ਦੇ ਨਾਲ ਹੀ ਸਮਾਜ ਦੇ ਲੋਕਾਂ ਨੂੰ ਮੀਟਿੰਗਾਂ, ਸੈਮੀਨਾਰਾਂ, ਨੌਜਵਾਨਾਂ ਦੀ ਰਹਿਨੁਮਾਈ ਅਤੇ ਹੋਰ ਸਮਾਜਿਕ ਕਾਰਜਾਂ ਲਈ ਇੱਕ ਸਾਂਝਾ ਸਥਾਨ ਉਪਲਬਧ ਹੋ ਸਕੇਗਾ। ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਕੇ ਪੰਜਾਬ ਬਾਜ਼ੀਗਰ ਸਮਾਜ ਭਵਨ ਲਈ ਜ਼ਮੀਨ ਅਲਾਟ ਕਰਵਾਉਣ ਵਾਸਤੇ ਹਰ ਸੰਭਵ ਯਤਨ ਕਰਨਗੇ। ਵਿਧਾਇਕ ਨੇ ਇਹ ਵੀ ਕਿਹਾ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ’ਤੇ ਵੀ ਉਹ ਆਪਣੀ ਸਿਫ਼ਾਰਸ਼ ਕਰਨਗੇ ਤਾਂ ਜੋ ਜਲਦੀ ਤੋਂ ਜਲਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇਸ ਮੁਲਾਕਾਤ ਦੌਰਾਨ ਟਰੱਸਟ ਦੇ ਪ੍ਰਧਾਨ ਸਰਦਾਰ ਸੁੱਚਾ ਸਿੰਘ ਧਰਮਸੋਤ, ਜਨਰਲ ਸਕੱਤਰ ਹਰਬੰਸ ਲਾਲ ਮਾਨ ਮੁੰਡਾਲ, ਚਰਨਾ ਰਾਮ ਲਾਲਕਾ, ਅਮਰਜੀਤ ਮਾਨ ਮੁੰਡਾਲ, ਸੁਰਜੀਤ ਸਿੰਘ ਖੀਵਾ, ਦੀਵਾਨ ਚੰਦ ਮਾਨ ਮੁੰਡਾਲ, ਮੁਖਵਿੰਦਰ ਰਾਮ, ਰਾਜ ਕੁਮਾਰ ਰਾਜੂ ਪਾਇਲ ਅਤੇ ਅਕਾਸ਼ਦੀਪ ਮਾਨ ਮੁੰਡਾਲ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।