ਟੈਲਫੋਰਡ ’ਚ ਸਿੱਖ ਬੱਸ ਡਰਾਈਵਰ ’ਤੇ ਹਮਲਾ ਬੇਹੱਦ ਨਿੰਦਣਯੋਗ- ਵਿਧਾਇਕ ਗਿਆਸਪੁਰਾ ਕਿਹਾ, ਸਿੱਖਾਂ ਨਾਲ ਪੈਰ-ਪੈਰ ’ਤੇ ਧੱਕਾ ਹੁੰਦਾ ਹੈ, ਪਰ ਸਾਡੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਇੰਗਲੈਂਡ ਦੇ ਟੈਲਫੋਰਡ ਵਿਚ ਇੱਕ ਸਿੱਖ ਬੱਸ ਡਰਾਈਵਰ ’ਤੇ ਹੋਏ ਹਮਲੇ ਦੌਰਾਨ ਉਸਨੂੰ ਬੱਸ ਵਿਚੋਂ ਬਾਹਰ ਸੁੱਟਣ ਅਤੇ ਬਾਅਦ ਵਿਚ ਬੱਸ ਨੂੰ ਖੋਹ ਕੇ ਖ਼ਤਰਨਾਕ ਢੰਗ ਨਾਲ ਚਲਾਉਣ ਦੀ ਘਟਨਾ ਦੀ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਗਿਆਸਪੁਰਾ ਨੇ ਕਿਹਾ ਕਿ ਸਿੱਖ ਬੱਸ ਡਰਾਈਵਰ ਨਾਲ ਵਾਪਰੀ ਇਹ ਘਟਨਾ ਬੇਹੱਦ ਚਿੰਤਾਜਨਕ ਹੈ।
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਇੰਗਲੈਂਡ ਦੇ ਟੈਲਫੋਰਡ ਵਿਚ ਇੱਕ ਸਿੱਖ ਬੱਸ ਡਰਾਈਵਰ ’ਤੇ ਹੋਏ ਹਮਲੇ ਦੌਰਾਨ ਉਸਨੂੰ ਬੱਸ ਵਿਚੋਂ ਬਾਹਰ ਸੁੱਟਣ ਅਤੇ ਬਾਅਦ ਵਿਚ ਬੱਸ ਨੂੰ ਖੋਹ ਕੇ ਖ਼ਤਰਨਾਕ ਢੰਗ ਨਾਲ ਚਲਾਉਣ ਦੀ ਘਟਨਾ ਦੀ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਗਿਆਸਪੁਰਾ ਨੇ ਕਿਹਾ ਕਿ ਸਿੱਖ ਬੱਸ ਡਰਾਈਵਰ ਨਾਲ ਵਾਪਰੀ ਇਹ ਘਟਨਾ ਬੇਹੱਦ ਚਿੰਤਾਜਨਕ ਹੈ। ਪੁਲਿਸ ਅਨੁਸਾਰ 18 ਸਤੰਬਰ ਦੀ ਸ਼ਾਮ ਮੇਡਲੇ ਦੇ ਕੋਰਟ ਸਟਰੀਟ ’ਤੇ ਬੱਸ ਡਰਾਈਵਰ ’ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਬੱਸ ਨੂੰ ਗਲਤ ਦਿਸ਼ਾ ਵਿੱਚ ਚਲਾਇਆ ਗਿਆ ਅਤੇ ਕਈ ਵਾਹਨਾਂ ਨਾਲ ਟੱਕਰ ਹੋਈ। ਪੁਲਿਸ ਨੇ ਇਸ ਮਾਮਲੇ ਵਿਚ 33 ਸਾਲਾ ਅਲੀ ਬਲਹਾਦ ਨੂੰ ਗ੍ਰਿਫ਼ਤਾਰ ਕਰਕੇ ਕਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਧੱਕਾ ਹੁੰਦਾ ਹੈ ਤਾਂ ਉਹ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦਸਤਾਰ, ਕੇਸ ਅਤੇ ਦਾੜ੍ਹੀ ਸਿੱਖ ਦੀ ਪਹਿਚਾਣ ਹਨ। ਜੇਕਰ ਕਿਸੇ ਸਿੱਖ ਨਾਲ ਉਸਦੀ ਧਾਰਮਿਕ ਪਹਿਚਾਣ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਕੀਤੀ ਗਈ ਹੈ ਤਾਂ ਇਸ ਦੀ ਨਿਰਪੱਖ ਅਤੇ ਸਖ਼ਤ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ’ਤੇ ਹਮਲੇ ਦਾ ਨਹੀਂ, ਸਗੋਂ ਜਨਤਕ ਸੁਰੱਖਿਆ ਅਤੇ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਇਸ ਲਈ ਬ੍ਰਿਟਿਸ਼ ਅਧਿਕਾਰੀਆਂ ਨੂੰ ਘਟਨਾ ਦੀ ਹਰ ਪੱਖ ਤੋਂ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹਮਲੇ ਪਿੱਛੇ ਕੋਈ ਨਸਲੀ ਜਾਂ ਧਾਰਮਿਕ ਮਕਸਦ ਸੀ ਜਾਂ ਨਹੀਂ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸਿੱਖ ਭਾਈਚਾਰਾ ਦੁਨੀਆ ਭਰ ਵਿਚ ਮਿਹਨਤ, ਸੇਵਾ ਅਤੇ ਮਨੁੱਖਤਾ ਲਈ ਜਾਣਿਆ ਜਾਂਦਾ ਹੈ। ਕਿਸੇ ਵੀ ਸਿੱਖ ਨੂੰ ਉਸਦੀ ਪਹਿਚਾਣ ਕਰਕੇ ਡਰ ਦੇ ਮਾਹੌਲ ਵਿਚ ਜੀਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਅਸੀਂ ਹਰ ਉਸ ਵਿਅਕਤੀ ਦੇ ਨਾਲ ਖੜ੍ਹੇ ਹਾਂ ਜੋ ਨਫ਼ਰਤ ਜਾਂ ਹਿੰਸਾ ਦਾ ਸ਼ਿਕਾਰ ਹੁੰਦਾ ਹੈ ਅਤੇ ਅਸੀਂ ਬ੍ਰਿਟਿਸ਼ ਸਰਕਾਰ ਅਤੇ ਸਥਾਨਕ ਪੁਲਿਸ ਤੋਂ ਪੂਰੀ ਜਵਾਬਦੇਹੀ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਪੈਰ-ਪੈਰ ’ਤੇ ਧੱਕਾ ਹੁੰਦਾ ਹੈ, ਪਰ ਸਿੱਖ ਕੌਮ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਜਿੱਥੇ ਵੀ ਸਿੱਖ ਨਾਲ ਬੇਇਨਸਾਫ਼ੀ ਹੋਵੇਗੀ, ਉੱਥੇ ਇਨਸਾਫ਼ ਲਈ ਆਵਾਜ਼ ਚੁੱਕਣਾ ਸਾਡਾ ਫਰਜ਼ ਹੈ।