ਅਨਾਜ ਮੰਡੀ ਖੰਨਾ ’ਚ ਝੋਨੇ ਦੀ ਖਰੀਦ ਜ਼ੋਰਾਂ ’ਤੇ
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਝੋਨੇ ਦੀ ਆਮਦ ਅਤੇ ਖਰੀਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਡੀ ਵਿਚ ਹੁਣ ਤੱਕ 3 ਲੱਖ 68 ਹਜ਼ਾਰ 289 ਕੁਇੰਟਲ ਝੋਨੇ ਦੀ ਕੁੱਲ ਆਮਦ ਹੋ ਚੁੱਕੀ ਹੈ।
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਝੋਨੇ ਦੀ ਆਮਦ ਅਤੇ ਖਰੀਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਡੀ ਵਿਚ ਹੁਣ ਤੱਕ 3 ਲੱਖ 68 ਹਜ਼ਾਰ 289 ਕੁਇੰਟਲ ਝੋਨੇ ਦੀ ਕੁੱਲ ਆਮਦ ਹੋ ਚੁੱਕੀ ਹੈ। ਇਸ ਵਿਚੋਂ ਅੱਜ 50 ਹਜ਼ਾਰ 790 ਕੁਇੰਟਲ ਝੋਨੇ ਦੀ ਖਰੀਦ ਹੋਈ ਹੈ, ਜਦਕਿ ਹੁਣ ਤੱਕ ਕੁੱਲ 3 ਲੱਖ 67 ਹਜ਼ਾਰ 237 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।ਇਹ ਜਾਣਕਾਰੀ ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਮੰਡੀ ਵਿਚ 50 ਹਜ਼ਾਰ 884 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਇਸ ਦਰਮਿਆਨ ਅੱਜ 15 ਹਜ਼ਾਰ 745 ਕੁਇੰਟਲ ਝੋਨੇ ਦੀ ਲਿਫਟਿੰਗ ਹੋਈ ਹੈ, ਹੁਣ ਤੱਕ ਕੁੱਲ 1 ਲੱਖ 67 ਹਜ਼ਾਰ 425 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਲਗਭਗ 15 ਲੱਖ 88 ਹਜ਼ਾਰ ਕੁਇੰਟਲ ਝੋਨੇ ਦੀ ਕੁੱਲ ਆਮਦ ਹੋਈ ਸੀ। ਇਸ ਸਾਲ ਕਰੀਬ 17 ਤੋਂ 18 ਲੱਖ ਕੁਇੰਟਲ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਫਸਲ ਵੀ ਚੰਗੀ ਹੈ ਅਤੇ ਕਿਸੇ ਤਰ੍ਹਾਂ ਦੀ ਬਿਮਾਰੀ ਦੀ ਕੋਈ ਸ਼ਿਕਾਇਤ ਨਹੀਂ ਹੈ। ਮੌਸਮ ਵੀ ਅਨੁਕੂਲ ਬਣਿਆ ਹੋਇਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਮਾਰਕੀਟ ਕਮੇਟੀ ਵਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀ ਵਿਚ ਆਪਣਾ ਸੁੱਕਾ ਝੋਨਾ ਹੀ ਲੈ ਕੇ ਆਉਣ, ਤਾਂ ਜੋ ਮੰਡੀ ਵਿਚ ਕਿਸੇ ਤਰ੍ਹਾਂ ਦੀ ਭੀੜ ਜਾਂ ਜਾਮ ਦੀ ਸਥਿਤੀ ਨਾ ਬਣੇ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।