ਸਮਾਰਟ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਖੰਨਾ, 17 ਨਵੰਬਰ (ਹਰਜਿੰਦਰ ਸਿੰਘ ਲਾਲ)- ਏ. ਐਸ.
ਖੰਨਾ, 17 ਨਵੰਬਰ (ਹਰਜਿੰਦਰ ਸਿੰਘ ਲਾਲ)- ਏ. ਐਸ. ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਵੱਲੋਂ ਸਮਾਰਟ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਭਰਤ ਬਹਿਲ (ਸੇਬੀ ਰਜਿਸਟਰਡ ਮਾਸਟਰ ਟਰੇਨਰ) ਮੁੱਖ ਬੁਲਾਰੇ ਵਜੋਂ ਹਾਜ਼ਿਰ ਸਨ ਅਤੇ ਵਿਦਿਆਰਥੀਆਂ ਨੂੰ ਵਿੱਤੀ ਸਿੱਖਿਆ, ਨਿਵੇਸ਼ ਦੇ ਵੱਖ-ਵੱਖ ਵਿਕਲਪਾਂ ਅਤੇ ਸੁਰੱਖਿਅਤ ਨਿਵੇਸ਼ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਿਵੇਸ਼ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰਨ, ਵਿੱਤੀ ਜੋਖਮਾਂ ਨੂੰ ਸਮਝਣ ਅਤੇ ਸੋਚ-ਸਮਝ ਕੇ ਨਿਵੇਸ਼ ਸਬੰਧੀ ਫੈਸਲੇ ਲੈਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਵਿੱਤੀ ਧੋਖਾਧੜੀ ਤੋਂ ਸੁਚੇਤ ਰਹਿਣ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿੱਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਤ, ਨਿਵੇਸ਼ ਅਤੇ ਵਿੱਤੀ ਪ੍ਰਬੰਧਨ ਦੀ ਸਹੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਭਵਿੱਖ ਵਿੱਚ ਸਮਝਦਾਰੀ ਨਾਲ ਵਿੱਤੀ ਫੈਸਲੇ ਲੈ ਸਕਣ। ਅੰਤ ਵਿੱਚ ਆਏ ਹੋਏ ਮਹਿਮਾਨ ਨੂੰ ਸਨਮਾਨਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਮੰਚ ਦਾ ਸੰਚਾਲਨ ਪ੍ਰੋ. ਕੋਮਲ ਜੋਸ਼ੀ ਵੱਲੋਂ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਰਾਜੇਸ਼ ਡਾਲੀ, ਐਡਵੋਕੇਟ ਨਵੀਨ ਥੰਮਣ (ਉਪ ਪ੍ਰਧਾਨ), ਸੰਜੀਵ ਧਮੀਜਾ (ਜਨਰਲ ਸਕੱਤਰ), ਜਤਿੰਦਰ ਦੇਵਗਨ (ਸੰਯੁਕਤ ਸਕੱਤਰ), ਰਮਰੀਸ਼ ਵਿਜ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਕਾਲਜ ਵੱਲੋਂ ਕਰਵਾਏ ਗਏ ਇਸ ਮਹੱਤਵਪੂਰਨ ਪ੍ਰੋਗਰਾਮ ਦੀ ਸ਼ਲਾਘਾ ਕੀਤੀ।