ਬਰਨਾਲਾ, 4 ਜਨਵਰੀ (ਰਾਜ ਪਨੇਸਰ)-ਸਥਾਨਕ ਆਸਥਾ ਕਾਲੋਨੀ ਵਿਚ ਪਲਾਟ ਵੇਚਣ ਦੀ ਆੜ ਵਿਚ ਇਕ ਵਿਅਕਤੀ ਨਾਲ 31 ਲੱਖ 34 ਹਜ਼ਾਰ 400 ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਸ਼ੈਂਕੀ ਪੁੱਤਰ ਮੰਗਲ ਸੈਨ ਵਾਸੀ ਗਲੀ ਨੰ: 4 ਸੇਖਾ ਰੋਡ ਬਰਨਾਲਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਕ ਨੰਬਰੀ ਦਰਖ਼ਾਸਤ ਦਿੱਤੀ ਸੀ ਜਿਸ ਵਿਚ ਜ਼ਿਕਰ ਕੀਤਾ ਹੋਇਆ ਸੀ ਕਿ ਉਨ੍ਹਾਂ ਨੇ ਆਸਥਾ ਇਨਕਲੇਵ ਧਨੌਲਾ ਰੋਡ ਬਰਨਾਲਾ ਵਿਚ ਇਕ ਪਲਾਟ ਖ਼ਰੀਦਣਾ ਸੀ ਜੋ ਕਿ ਪਰਵੀਨ ਕੁਮਾਰ ਪੁੱਤਰ ਵਿਪਨ ਕੁਮਾਰ, ਨਰੇਸ਼ ਰਾਣੀ ਪਤਨੀ ਪਰਵੀਨ ਕੁਮਾਰ ਹੰਡਿਆਇਆ ਬਾਜ਼ਾਰ ਕੇ.ਵੀ. ਕੰਪਲੈਕਸ ਦੀ ਬੈਕਸਾਈਡ ਬਰਨਾਲਾ ਅਤੇ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਦੇ ਨਾਂਅ 'ਤੇ ਹੈ | ਇਸ ਪਲਾਟ ਦਾ 46 ਲੱਖ 30 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋਇਆ ਸੀ | ਮੁੱਦਈ ਨੇ 14 ਲੱਖ 95 ਹਜ਼ਾਰ 600 ਰੁਪਏ ਬੈਂਕ ਖਾਤੇ ਵਿਚ ਟਰਾਂਸਫ਼ਰ ਕਰ ਦਿੱਤੇ ਤੇ ਬਾਕੀ ਰਹਿੰਦੀ ਪੇਮੈਂਟ 31 ਲੱਖ 34 ਹਜ਼ਾਰ 400 ਰੁਪਏ ਨਗਦ ਦੇ ਦਿੱਤੇ ਸੀ ਤੇ ਸਾਰੇ ਕਾਗ਼ਜ਼ਾਤ ਮੁੱਦਈ ਨੇ ਲੈ ਲਏ ਅਤੇ ਮੁਖ਼ਤਿਆਰਨਾਮਾ ਆਪਣੇ ਨਾਮ ਕਰਵਾ ਲਿਆ | ਥੋੜ੍ਹੇ ਦਿਨਾਂ ਬਾਅਦ ਪਰਵੀਨ ਕੁਮਾਰ ਨੇ ਮੁਖ਼ਤਿਆਰਨਾਮਾ ਕੈਂਸਲ ਕਰਵਾ ਕੇ ਮੁੱਦਈ ਵਲੋਂ ਦਿੱਤੇ 14 ਲੱਖ 95 ਹਜ਼ਾਰ 600 ਵਾਪਸ ਉਸ ਦੇ ਖਾਤੇ ਵਿਚ ਪਾ ਦਿੱਤੇ | ਪੁਲਿਸ ਵਲੋਂ ਕੀਤੀ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਪਰਵੀਨ ਕੁਮਾਰ ਅਤੇ ਉਸ ਦੀ ਪਤਨੀ ਨਰੇਸ਼ ਰਾਣੀ ਨੇ 31 ਲੱਖ 34 ਹਜ਼ਾਰ 400 ਰੁਪਏ ਦੀ ਠੱਗੀ ਮਾਰੀ ਹੈ | ਪੁਲਿਸ ਨੇ ਮੁੱਦਈ ਵਲੋਂ ਦਿੱਤੀ ਦਰਖ਼ਾਸਤ ਦੇ ਆਧਾਰ 'ਤੇ ਦੋਵਾਂ ਪਤੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |