ਸ਼ਹਿਣਾ, 5 ਜਨਵਰੀ (ਸੁਰੇਸ਼ ਗੋਗੀ)-ਗੁਰਦੁਆਰਾ ਭਾਈ ਮੂਲ ਚੰਦ ਜੋਧਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਸੁੰਦਰ ਗੇਟ ਬਣਾ ਕੇ ਤੇ ਰਸਤਿਆਂ ਦੀ ਸਫ਼ਾਈ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਬਾਬਾ ਜਸਬੀਰ ਸਿੰਘ ਚੀਮੇ ਵਾਲਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਬੋਹੜ ਸਿੰਘ ਖੁਸਦਿਲ ਡਗਰੂ ਵਾਲਿਆਂ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਗਤਕਾ ਪਾਰਟੀ ਇੰਟਰਨੈਸ਼ਨਲ ਅਜੀਤ ਅਖਾੜਾ ਪੰਧੇਰ ਦੇ ਸਿੰਘਾਂ ਨੇ ਸ਼ਸਤਰ ਵਿੱਦਿਆ ਦਾ ਚੰਗਾ ਪ੍ਰਦਰਸ਼ਨ ਕੀਤਾ | ਇਸ ਸਮੇਂ ਪ੍ਰਧਾਨ ਦਰਸ਼ਨ ਸਿੰਘ, ਬਲਕਰਨ ਸਿੰਘ ਠੇਕੇਦਾਰ ਖ਼ਜ਼ਾਨਚੀ, ਹਰਨੇਕ ਸਿੰਘ, ਨੱਥਾ ਸਿੰਘ, ਕੌਰ ਸਿੰਘ, ਅਮਰੀਕ ਸਿੰਘ, ਹਰੀ ਸਿੰਘ, ਰੇਸ਼ਮ ਸਿੰਘ, ਸਤਨਾਮ ਸਿੰਘ, ਪਰਦੀਪ ਸਿੰਘ, ਗੋਰਾ ਸਿੰਘ, ਰਾਜਾ ਸਿੰਘ, ਜਸਪਾਲ ਸਿੰਘ ਆਦਿ ਕਮੇਟੀ ਆਗੂ ਤੇ ਸੇਵਾਦਾਰ ਵੀ ਹਾਜ਼ਰ ਸਨ | ਸਟੇਜ ਸਕੱਤਰ ਦੇ ਫ਼ਰਜ਼ ਜਗਜੀਤ ਸਿੰਘ ਪੰਚ ਤੇ ਕੌਰ ਸਿੰਘ ਚਹਿਲ ਨੇ ਨਿਭਾਏ |