ਧਨੌਲਾ, 5 ਜਨਵਰੀ (ਜਤਿੰਦਰ ਸਿੰਘ ਧਨੌਲਾ)-ਵਾਰਡ ਨੰਬਰ 13 ਦਾ ਨੌਜਵਾਨ ਤੇਜੀ ਤਿੰਨ ਮਹੀਨੇ ਤੋਂ ਪਾਣੀ ਦੀ ਸਪਲਾਈ ਕੱਟ ਦਿੱਤੇ ਜਾਣ ਦੇ ਰੋਸ ਵਜੋਂ ਸਪਰੇਅ ਦੀ ਸ਼ੀਸ਼ੀ ਲੈ ਕੇ ਦਫ਼ਤਰ ਨਗਰ ਕੌਂਸਲ ਧਨੌਲਾ ਪੁੱਜ ਗਿਆ | ਤੇਜੀ ਨੇ ਭਰੇ ਮਨ ਨਾਲ ਆਖਿਆ ਕਿ ਉਹ ਲੰਬੇ ਸਮੇਂ ਤੋਂ ਕੌਂਸਲਰਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਤਰਲੇ ਕੱਢਦਾ ਚੱਲਿਆ ਆ ਰਿਹਾ ਹੈ, ਪ੍ਰੰਤੂ ਉਸ ਦੀ ਪਾਣੀ ਸਪਲਾਈ ਬਹਾਲ ਨਹੀਂ ਕੀਤੀ ਗਈ | ਉਸ ਨੇ ਦੱਸਿਆ ਕਿ ਉਸ ਦੇ ਏਰੀਏ ਵਿਚ ਸੜਕ ਬਣਾਏ ਜਾਣ ਦਾ ਕੰਮ ਚੱਲਣਾ ਸੀ | ਜਿਸ ਕਰ ਕੇ ਉਸ ਦੀ ਸਪਲਾਈ ਕੱਟ ਦਿੱਤੀ ਗਈ ਸੀ | ਭਰੇ ਮਨ ਨਾਲ ਉਸ ਨੇ ਆਖਿਆ ਨਾ ਤਾਂ ਕੋਈ ਅਜਿਹਾ ਕੰਮ ਹੀ ਹੁਣ ਤੱਕ ਚੱਲਿਆ ਬਲਕਿ ਸਾਡੀ ਤਿੰਨ ਮਹੀਨੇ ਤੋਂ ਪਾਣੀ ਦੀ ਸਪਲਾਈ ਕੱਟ ਦਿੱਤੀ ਅਤੇ ਸਾਡੇ ਗੁਆਂਢੀਆਂ ਦੀ ਵੀ ਕੱਟ ਦਿੱਤੀ ਗਈ | ਉਸ ਨੇ ਆਖਿਆ ਕਿ ਇਸ ਗੱਲ 'ਤੇ ਰੋਸ ਵਜੋਂ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਕੇ ਹੀ ਦਮ ਲਵੇਗਾ | ਉਸ ਪਾਸੋਂ ਮੌਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਸਪਰੇਅ ਵਾਲੀ ਸ਼ੀਸ਼ੀ ਖੋਹ ਲਈ ਗਈ ਅਤੇ ਉਸ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ | ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਉਕਤ ਵਿਅਕਤੀ ਦੀ ਕੋਈ ਉੱਘ-ਸੁੱਘ ਨਹੀਂ ਮਿਲ ਸਕੀ | ਨਗਰ ਕੌਂਸਲ ਦੀ ਪ੍ਰਧਾਨ ਦੇ ਸਪੁੱਤਰ ਸਾਹਿਬ ਸੋਢੀ ਵਲੋਂ ਦਫ਼ਤਰ ਨਗਰ ਕੌਂਸਲ ਪੁੱਜ ਕੇ ਭਰੋਸਾ ਦਿਵਾਇਆ ਗਿਆ ਕਿ ਉਸ ਦੀ ਪਾਣੀ ਸਪਲਾਈ ਛੇਤੀ ਹੀ ਕੁਨੈਕਸ਼ਨ ਜੋੜ ਕੇ ਬਹਾਲ ਕਰ ਦਿੱਤੀ ਜਾਵੇਗੀ ਪ੍ਰੰਤੂ ਭਰੋਸੇ ਦੇ ਬਾਵਜੂਦ ਵੀ ਉਹ ਨਾਰਾਜ਼ ਦਿਖਾਈ ਦੇ ਰਿਹਾ ਸੀ |