ਬਰਨਾਲਾ, 6 ਜਨਵਰੀ (ਅਸ਼ੋਕ ਭਾਰਤੀ)-ਪੰਜਾਬੀ ਦੇ ਪ੍ਰਸਿੱਧ ਸਾਹਿਤਕ ਰਸਾਲੇ 'ਕਹਾਣੀ ਪੰਜਾਬ' ਦਾ 106ਵਾਂ ਸਾਲਾਨਾ ਅੰਕ (ਜਨਵਰੀ-ਦਸੰਬਰ 2026) ਰਾਮ ਸਰੂਪ ਅਣਖੀ ਨਿਵਾਸ ਬਰਨਾਲਾ ਵਿਖੇ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਸੰਪਾਦਕ ਅਤੇ ਭਾਰਤੀ ਭਾਸ਼ਾਵਾਂ ਵਿਭਾਗ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋ: ਕ੍ਰਾਂਤੀ ਪਾਲ ਨੇ ਕਿਹਾ ਕਿ ਕੋਈ ਵੀ ਕਲਾ ਨਾਲ ਜੁੜੀ ਵਿਧਾ ਜਦੋਂ ਸਮਾਜ ਵਿਚ ਵਿਚਰਦੀ ਹੈ ਤਾਂ ਉਸ ਦਾ ਕੋਈ ਆਧਾਰ ਹੋਣਾ ਜ਼ਰੂਰੀ ਹੈ, ਲੋਕ ਉਸ ਕਲਾ ਨਾਲ ਫਿਰ ਹੀ ਜੁੜਦੇ ਨੇ | ਹੁਣ ਸਮਾਂ ਬਦਲ ਗਿਆ ਹੈ | ਕਲਾ ਵਸਤੂ ਵੀ ਛਾਣਨੀ ਹੇਠ ਆ ਗਈ ਹੈ, ਅਜਿਹੀਆਂ ਰਚਨਾਵਾਂ ਜੋ ਆਮ ਤੇ ਖ਼ਾਸ ਸਭ ਨੂੰ ਆਪਣੀਆਂ ਲੱਗਣ ਉਸੇ ਦਾ ਇਕ ਉਪਰਾਲਾ ਹੈ ਕਹਾਣੀ ਪੰਜਾਬ ਦਾ ਇਹ ਅੰਕ | ਇਸ ਅੰਕ ਵਿਚ ਵੀ ਹਰ ਵਾਰ ਦੀ ਤਰ੍ਹਾਂ ਯੁਵਾ ਲੇਖਕ ਰਾਕੇਸ਼ ਅਨੰਦ ਦਾ ਪਹਿਲਾ ਨਾਵਲ 'ਆਨੰਦ ਸਾਬ ਦਾ ਕੀ ਹਾਲ ਏ' ਛਾਪਿਆ ਗਿਆ ਹੈ, ਉੱਥੇ ਹੀ ਤਿ੍ਪਤਾ ਕੇ ਸਿੰਘ, ਕੁਲਦੀਪ ਕੌਰ ਭੁੱਲਰ, ਕੁਮਾਰ ਜਗਦੇਵ, ਜਸਵੀਰ ਕੌਰ, ਮੁਖਤਿਆਰ ਸਿੰਘ ਪੱਖੋ ਕਲਾਂ ਅਤੇ ਅੰਜਨਾ ਸ਼ਿਵਦੀਪ ਦੀਆਂ ਯਾਦਾਂ ਸ਼ਾਮਿਲ ਹਨ | ਇਸ ਦੇ ਨਾਲ ਗੁਰਮੇਲ ਬੀਰੋਕੇ ਦੀ ਪਰਵਾਸੀ ਲਿਖਤ 'ਕਾਲੇ ਵਰਕੇ', ਗੁਰਸੇਵਕ ਸਿੰਘ ਧੌਲਾ ਨੇ ਆਪਣੀ ਲਿਖਤ ਜੱਟਾਂ ਬਾਰੇ ਗੰਭੀਰ ਸੰਵਾਦ ਛੇੜਿਆ ਹੈ | ਗੁਆਂਢੀ ਮੁਲਕਾਂ ਦੀਆਂ ਨੌਂ ਅਨੁਵਾਦਿਤ ਕਹਾਣੀਆਂ ਅਤੇ ਭਾਰਤੀ ਕਥਾ ਅਧੀਨ ਸੱਤ ਅਨੁਵਾਦਿਤ ਕਹਾਣੀਆਂ ਵੀ ਵਿਸ਼ੇਸ਼ ਆਕਰਸ਼ਣ ਹਨ | ਇਸ ਰਿਲੀਜ਼ ਮੌਕੇ ਬੂਟਾ ਸਿੰਘ ਚੌਹਾਨ ਗਵਰਨਿੰਗ ਕੈਂਸਲ ਮੈਂਬਰ ਭਾਰਤੀ ਸਾਹਿਤ ਅਕਾਦਮੀ, ਡਾ: ਪਰਮਜੀਤ ਸਿੰਘ ਕੱਟੂ ਨੈਸ਼ਨਲ ਐਵਾਰਡੀ (ਫ਼ਿਲਮ ਰਚਨਾਕਾਰ ਤੇ ਨਿਰਦੇਸ਼ਕ), ਡਾ: ਹਰੀਸ਼ ਸ਼ਰਮਾ, ਡਾ: ਭੁਪਿੰਦਰ ਸਿੰਘ ਬੇਦੀ, ਡਾ: ਜਸਵਿੰਦਰ ਕੌਰ ਵੀਨੂੰ ਅਤੇ ਡਾ: ਜਸਬੀਰ ਕੌਰ ਵੀ ਹਾਜ਼ਰ ਸਨ |